ਰਾਕੇਸ਼ ਟਿਕੈਤ ਦਾ ਸਿਰ ਕਲਮ ਕਰਨ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ
ਵੀਡੀਉ ਵਾਇਰਲ ਕਰ ਕੇ ਇਕ ਵਿਅਕਤੀ ਦੱਸ ਰਿਹੈ ਅਤਿਵਾਦੀ
ਇਕ ਵਾਇਰਲ ਵੀਡੀਉ ’ਚ ਇਕ ਵਿਅਕਤੀ ਆਪਣੇ ਆਪ ਨੂੰ ਬੀਕੇਯੂ ਅਟਲ ਦਾ ਜ਼ਿਲ੍ਹਾ ਪ੍ਰਧਾਨ ਅਮਿਤ ਚੌਧਰੀ ਦੱਸ ਰਿਹਾ ਹੈ, ਜੋ ਕਹਿ ਰਿਹਾ ਹੈ ਕਿ ਰਾਕੇਸ਼ ਟਿਕੈਤ ਵਾਰ-ਵਾਰ ਵਪਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਸ ਦਾ ਸਿਰ ਕਲਮ ਕਰਨ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਬੀਕੇਯੂ ਦੇ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਬਾਰੇ ਇਕ ਵਿਵਾਦਪੂਰਨ ਬਿਆਨ ਦਿਤਾ ਗਿਆ ਸੀ, ਜਿਸ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਉ ਵਿਚ, ਬੀਕੇਯੂ ਅਟਲ ਦੇ ਪ੍ਰਧਾਨ ਅਮਿਤ ਚੌਧਰੀ ਵਲੋਂ ਰਾਕੇਸ਼ ਟਿਕੈਤ ਦਾ ਸਿਰ ਕਲਮ ਕਰਨ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।
ਸੂਚਨਾ ਮਿਲਦੇ ਹੀ ਭਾਕਿਯੂ ਟਿਕੈਤ ਦੇ ਵਰਕਰ ਸਿਵਲ ਲਾਈਨਜ਼ ਥਾਣੇ ਪਹੁੰਚੇ ਅਤੇ ਧਰਨੇ ’ਤੇ ਬੈਠ ਗਏ। ਜ਼ਿਲ੍ਹਾ ਪ੍ਰਧਾਨ ਨਵੀਨ ਰਾਠੀ ਨੇ ਮੁਲਜ਼ਮਾਂ ਵਿਰੁਧ ਕੇਸ ਦਰਜ ਕਰਵਾਇਆ ਹੈ। ਐਤਵਾਰ ਨੂੰ ਵਾਇਰਲ ਹੋਏ ਵੀਡੀਓ ਵਿਚ, ਮੁਲਜ਼ਮ ਨੇ ਕਿਹਾ ਕਿ ਰਾਕੇਸ਼ ਟਿਕੈਤ ਵਾਰ-ਵਾਰ ਸਰਕਾਰ ਜਾਂ ਵਪਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਿਆਨ ਦਿੰਦਾ ਹੈ, ਇਹ ਗਲਤ ਹੈ। ਇਹ ਕਾਰੋਬਾਰੀ ਹਨ ਜੋ ਇਸ ਦੇਸ਼ ਦੀ ਜੀਡੀਪੀ ਵਧਾਉਂਦੇ ਹਨ। ਰਾਕੇਸ਼ ਟਿਕੈਤ ਇਕ ਅੱਤਵਾਦੀ ਵਾਂਗ ਕੰਮ ਕਰ ਰਿਹਾ ਹੈ, ਉਹ ਇਕ ਗੱਦਾਰ ਅਤੇ ਇਕ ਸਲੀਪਰ ਸੈਲ ਹੈ। ਹੁਣ ਪੱਗ ਉਤਾਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ।
ਜੇਕਰ ਇਹ ਗਤੀਵਿਧੀਆਂ ਬੰਦ ਨਹੀਂ ਹੁੰਦੀਆਂ ਤਾਂ ਅਜਿਹੇ ਵਿਅਕਤੀ ਦਾ ਸਿਰ ਕਲਮ ਕਰ ਦੇਣਾ ਚਾਹੀਦਾ ਹੈ। ਅਜਿਹੇ ਵਿਅਕਤੀ ਨੂੰ ਬੀਕੇਯੂ ਅਟਲ ਵਲੋਂ 5 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਵੀਡੀਓ ਦੇਖਣ ਤੋਂ ਬਾਅਦ, ਭਾਕਿਯੂ ਟਿਕੈਤ ਨੂੰ ਗੁੱਸਾ ਆ ਗਿਆ। ਜ਼ਿਲ੍ਹਾ ਪ੍ਰਧਾਨ ਨਵੀਨ ਰਾਠੀ ਵਰਕਰਾਂ ਨਾਲ ਸਿਵਲ ਲਾਈਨ ਥਾਣੇ ਪਹੁੰਚੇ। ਉਨ੍ਹਾਂ ਨੇ ਪੁਲਿਸ ਸਟੇਸ਼ਨ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਸੀਓ ਸਿਟੀ ਰਾਜੂ ਕੁਮਾਰ ਸਾਹੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਇਸ ਮੌਕੇ ਗੁਲਸ਼ਨ ਚੌਧਰੀ, ਦੇਵ ਅਹਲਾਵਤ, ਬਿੱਟੂ ਪ੍ਰਧਾਨ, ਮਨੀਸ਼ ਅਹਲਾਵਤ, ਸੁਮਿਤ ਪਚੰਦਾ, ਰਾਮਪਾਲ ਸਿੰਘ, ਗੁਲਬਹਾਰ ਰਾਓ, ਸਚਿਨ ਚੌਧਰੀ, ਹੈਪੀ ਬਾਲੀਆਂ, ਆਕਾਸ਼ ਬਾਲੀਆਂ, ਸਾਜਿਦ ਮਲਿਕ, ਸ਼ਹਿਜ਼ਾਦ ਆਦਿ ਹਾਜ਼ਰ ਸਨ।