Farmers Protest: ਹਰਿਆਣਾ ਪੁਲਿਸ ਨੇ ਕਿਸਾਨਾਂ ਵਿਰੁਧ NSA ਤਹਿਤ ਸ਼ੁਰੂ ਕੀਤੀ ਕਾਰਵਾਈ! ਕਿਸਾਨ ਆਗੂ ਦੇ ਘਰ ਬਾਹਰ ਲਗਾਇਆ ਨੋਟਿਸ

ਏਜੰਸੀ

ਖ਼ਬਰਾਂ, ਹਰਿਆਣਾ

ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਤਹਿਤ ਹੋਵੇਗੀ ਜਾਇਦਾਦ ਦੀ ਕੁਰਕੀ

Farmers Protest: Haryana slaps NSA on farmer leaders, sends notice

Farmers Protest: ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਵਿਚਾਲੇ ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁਧ ਕੌਮੀ ਸੁਰੱਖਿਆ ਕਾਨੂੰਨ 1980  ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਪੁਲਿਸ ਨੇ ਕਿਸਾਨ ਆਗੂ ਅਮਰਜੀਤ ਸਿੰਘ ਮੋਹਰੀ ਦੇ ਘਰ ਬਾਹਰ ਜਾਇਦਾਦ ਦੀ ਕੁਰਕੀ ਅਤੇ ਬੈਂਕ ਖਾਤੇ ਸੀਜ਼ ਕਰਨ ਸਬੰਧੀ ਨੋਟਿਸ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਪੁਲਿਸ ਵਲੋਂ BKU ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਮੋਹਰੀ ਦੇ ਘਰ ਨੋਟਿਸ ਭੇਜਿਆ ਗਿਆ ਹੈ, ਜਿਸ ਵਿਚ ਅੰਦੋਲਨ ਦੌਰਾਨ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਉਨ੍ਹਾਂ ਦੀ ਜਾਇਦਾਦ ਤੋਂ ਕਰਨ ਦੀ ਚਿਤਾਵਨੀ ਦਿਤੀ ਗਈ ਹੈ।

ਅੰਬਾਲਾ ਪੁਲਿਸ ਵਲੋਂ ਕਿਸਾਨ ਆਗੂ ਨੂੰ ਦਿਤੇ ਨੋਟਿਸ ਵਿਚ ਲਿਖਿਆ ਹੈ ਕਿ ਤੁਸੀਂ ਬਿਨਾਂ ਇਜਾਜ਼ਤ ਕਿਸਾਨ ਅੰਦੋਲਨ ਵਿਚ ਸ਼ਾਮਲ ਨਾ ਹੋਵੋ ਅਤੇ ਹਿੰਸਕ ਪ੍ਰਦਰਸ਼ਨ ਨਾ ਕਰੋ। ਜੇਕਰ ਤੁਸੀਂ ਕੋਈ ਵੀ ਧਰਨਾ ਦੇਣਾ ਚਾਹੁੰਦੇ ਹੋ ਤਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਲਿਖਤੀ ਮਨਜ਼ੂਰੀ ਲਈ ਯੋਗ ਚੈਨਲ ਰਾਹੀਂ ਅਪਲਾਈ ਕਰੋ। ਜੇਕਰ ਤੁਸੀਂ ਲਿਖਤੀ ਇਜਾਜ਼ਤ ਤੋਂ ਬਿਨਾਂ ਕੋਈ ਧਰਨਾ ਜਾਂ ਅੰਦੋਲਨ ਕਰਦੇ ਹੋ ਤਾਂ ਤੁਹਾਡੇ ਵਿਰੁਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਤੁਸੀਂ 23 ਫਰਵਰੀ ਤਕ ਅਪਣੀ ਪੂਰੀ ਜਾਇਦਾਦ ਅਤੇ ਬੈਂਕ ਖਾਤਿਆਂ ਦੇ ਵੇਰਵੇ ਅਪਣੇ ਸਬੰਧਤ ਥਾਣੇ ਵਿਚ ਜਮ੍ਹਾ ਕਰਵਾ ਦਿਓ। ਲਾਪਰਵਾਹੀ ਦੀ ਸਥਿਤੀ ਵਿਚ, ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ।

ਇਸ ਸਬੰਧੀ ਅੰਬਾਲਾ ਪੁਲਿਸ ਵਲੋਂ ਇਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਅੰਬਾਲਾ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ 13 ਫ਼ਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਦੇ ਮੱਦੇਨਜ਼ਰ ਸ਼ੰਭੂ ਬਾਰਡਰ 'ਤੇ ਲਗਾਏ ਗਏ ਬੈਰੀਕੇਡ ਤੋੜਣ ਲਈ ਕਿਸਾਨ ਸੰਗਠਨਾਂ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅੰਬਾਲਾ ਪੁਲਿਸ ਨੇ ਕਿਹਾ, "ਰੋਜ਼ਾਨਾ ਪੁਲਿਸ ਪ੍ਰਸ਼ਾਸਨ 'ਤੇ ਪਥਰਾਅ ਤੇ ਹੰਗਾਮਾ ਕਰ ਕਾਨੂੰਨ ਵਿਵਸਥਾ ਵਿਗਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ ਹੈ। ਅੰਦੋਲਨਕਾਰੀਆਂ ਵਲੋਂ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪਹੁੰਚਾਏ ਗਏ ਨੁਕਸਾਨ ਦਾ ਹਿਸਾਬ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਇਸ  ਸਬੰਧੀ ਆਮ ਜਨਤਾ ਨੂੰ ਪਹਿਲਾਂ ਹੀ ਦੱਸ ਦਿਤਾ ਸੀ ਕਿ ਜੇਕਰ ਇਸ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਨੇ ਸਰਕਾਰੀ ਤੇ ਨਿਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਦੀ ਜਾਇਦਾਦ ਤੇ ਬੈਂਕ ਖਾਤੇ ਜ਼ਬਤ ਕਰ ਕੇ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।"

ਅੰਬਾਲਾ ਪੁਲਿਸ ਨੇ ਕਿਹਾ, “ਇਸ ਸਬੰਧ ਵਿਚ, ਪ੍ਰਸ਼ਾਸਨ ਵਲੋਂ ਅੰਦੋਲਨਕਾਰੀਆਂ ਅਤੇ ਕਿਸਾਨ ਯੂਨੀਅਨਾਂ ਦੇ ਅਧਿਕਾਰੀਆਂ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅੰਦੋਲਨ ਦੌਰਾਨ ਜੇਕਰ ਕਿਸੇ ਆਮ ਵਿਅਕਤੀ ਨੂੰ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਹੈ ਤਾਂ ਉਹ ਪ੍ਰਸ਼ਾਸਨ ਨੂੰ ਨੁਕਸਾਨ ਦਾ ਵੇਰਵਾ ਦੇ ਸਕਦਾ ਹੈ।" ਪੁਲਿਸ ਨੇ ਦਸਿਆ ਕਿ ਕਿਸਾਨ ਯੂਨੀਅਨਾਂ ਦੇ ਮੁੱਖ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) 1980 ਤਹਿਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

(For more Punjabi news apart from Farmers Protest: Haryana slaps NSA on farmer leaders, sends notice , stay tuned to Rozana Spokesman)