Haryana News: ਏਜੰਟ ਦੀ ‘ਧੋਖਾਧੜੀ’ ਤੋਂ ਪਰੇਸ਼ਾਨ ਨੌਜਵਾਨ ਨੇ ਲਿਆ ਫਾਹਾ; ਨਾ ਪੈਸੇ ਵਾਪਸ ਮਿਲੇ ਤੇ ਨਾ ਲੱਗਿਆ ਵੀਜ਼ਾ

ਏਜੰਸੀ

ਖ਼ਬਰਾਂ, ਹਰਿਆਣਾ

ਆਸਟ੍ਰੇਲੀਆ ਜਾਣ ਲਈ ਕਰਨਾਲ ਦੇ ਏਜੰਟ ਨੂੰ ਦਿਤੇ ਸੀ 5 ਲੱਖ ਰੁਪਏ; ਮਾਮਲਾ ਦਰਜ

Youth Commits Suicide due to Immigration Fraud (File Image)

Haryana News: ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਬਾਪੌਲੀ ਕਸਬੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਏਜੰਟ ਦੀ ਧੋਖਾਧੜੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ, ਜਿਸ ਤੋਂ ਕਰਨਾਲ ਦੇ ਰਹਿਣ ਵਾਲੇ ਇਕ ਏਜੰਟ ਨੇ 5 ਲੱਖ ਰੁਪਏ ਲਏ ਪਰ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।

ਇਸ ਕਾਰਨ ਨੌਜਵਾਨ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਫਾਹਾ ਲੈ ਲਿਆ। ਪੁਲਿਸ ਨੇ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਕਰਨਾਲ ਦੇ ਰਹਿਣ ਵਾਲੇ ਏਜੰਟ ਵਿਰੁਧ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।

ਚਾਂਦਨੀਬਾਗ ਥਾਣੇ ਨੂੰ ਦਿਤੀ ਸ਼ਿਕਾਇਤ ਵਿਚ ਰਾਜਕੁਮਾਰ ਨੇ ਦਸਿਆ ਕਿ ਉਹ ਪਿੰਡ ਗੜ੍ਹੀ ਭਲੌਰ, ਬਪੌਲੀ ਦਾ ਰਹਿਣ ਵਾਲਾ ਹੈ। ਉਹ ਤਿੰਨ ਬੱਚਿਆਂ (ਦੋ ਪੁੱਤਰਾਂ ਅਤੇ ਇਕ ਧੀ) ਦਾ ਪਿਤਾ ਹੈ। ਉਸ ਦਾ ਵੱਡਾ ਪੁੱਤਰ ਰਾਹੁਲ 23 ਸਾਲ ਦਾ ਸੀ, ਜੋ 12ਵੀਂ ਪਾਸ ਸੀ। ਕਰੀਬ ਇਕ ਸਾਲ ਪਹਿਲਾਂ ਰਾਹੁਲ ਨੂੰ ਵਿਦੇਸ਼ ਭੇਜਣ ਲਈ ਕਾਗਜ਼ ਤਿਆਰ ਕੀਤੇ ਗਏ ਸਨ। ਕਿਸੇ ਕਾਰਨ ਰਾਹੁਲ ਨੂੰ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਮਿਲ ਸਕਿਆ। ਫਾਈਲ ਰੱਦ ਹੋਣ ਕਾਰਨ ਰਾਹੁਲ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਿਆ।

ਇਸ ਤੋਂ ਬਾਅਦ ਰਾਹੁਲ ਨੀਲੋਖੇੜੀ 'ਚ ਕਰਨਾਲ ਦੇ ਕਾਰਸਾ ਪਿੰਡ ਦੇ ਰਹਿਣ ਵਾਲੇ ਏਜੰਟ ਕੁਲਦੀਪ ਸ਼ਰਮਾ ਨੂੰ ਮਿਲਿਆ। ਕੁਲਦੀਪ ਨੇ ਕਾਗਜ਼ਾਂ ਦੀ ਤਿਆਰੀ ਦੇ ਨਾਂਅ 'ਤੇ ਉਸ ਸਮੇਂ 50 ਹਜ਼ਾਰ ਰੁਪਏ ਲਏ ਸਨ। ਕਾਗਜ਼ ਤਿਆਰ ਹੋਣ ਤੋਂ ਬਾਅਦ ਉਸ ਨੇ ਹੋਰ ਸਾਢੇ ਚਾਰ ਲੱਖ ਰੁਪਏ ਲਏ।

ਇਸ ਤੋਂ ਬਾਅਦ ਜਦੋਂ ਕੁਲਦੀਪ ਨੂੰ ਵੀਜ਼ੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਫਾਈਲ ਰਿਫਿਊਜ਼ ਹੋ ਗਈ ਹੈ। ਇਸ ਤੋਂ ਬਾਅਦ ਏਜੰਟ ਨੇ ਪੈਸੇ ਵਾਪਸ ਕਰਨ ਨੂੰ ਲੈ ਕੇ ਵੀ ਕਈ ਵਾਰ ਟਾਲ-ਮਟੋਲ ਕੀਤਾ ਅਤੇ ਬਾਅਦ ਵਿਚ ਫੋਨ ਚੁੱਕਣਾ ਵੀ ਬੰਦ ਕਰ ਦਿਤਾ। ਇਸ ਕਾਰਨ ਰਾਹੁਲ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ ਅਤੇ ਉਸ ਨੇ ਫਾਹਾ ਲੈ ਲਿਆ।

(For more Punjabi news apart from Youth Commits Suicide due to Immigration Fraud , stay tuned to Rozana Spokesman)