2020 'ਚ ਨਵੇਂ ਇੰਜੀਨੀਅਰਿੰਗ ਕਾਲਜਾਂ ਚ ਨਹੀਂ ਹੋਣਗੇ ਦਾਖਲੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਟੈਕ ਡਿਗਰੀ ਤੋਂ ਬਾਅਦ ਵੀ 50 ਫ਼ੀ ਸਦੀ ਵਿਦਿਆਰਥੀਆਂ ਨੂੰ ਨੌਕਰੀ ਨਹੀਂ ਮਿਲ ਰਹੀ ਸੀ।

All India Council for Technical Education

ਨਵੀਂ ਦਿੱਲੀ : 2020 ਵਿਚ ਨਵੇਂ ਇੰਜੀਨੀਅਰਿੰਗ ਕਾਲਜਾਂ ਵਿਚ ਬੀਟੈਕ ਪ੍ਰੋਗਰਾਮਾਂ ਵਿਚ ਦਾਖਲੇ ਨਹੀਂ ਹੋਣਗੇ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਬਜ਼ਾਰਾਂ ਵਿਚ ਇੰਜੀਨੀਅਰਿੰਗ ਦੀ ਘੱਟ ਰਹੀ ਮੰਗ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਕਮੇਟੀ ਨੇ ਆਲ ਇੰਡੀਆ ਤਕਨੀਕੀ ਸਿੱਖਿਆ ਕੌਂਸਲ ਨੂੰ ਇਹ ਸੁਝਾਅ ਦਿਤਾ ਹੈ। ਅੱਠ ਮੈਂਬਰੀ ਕਮੇਟੀ ਦੀ ਸਿਫਾਰਸ਼ ਹੈ ਕਿ 2019 ਸੈਸ਼ਨ ਦੌਰਾਨ ਵੀ ਉਹਨਾਂ ਇੰਜੀਨੀਅਰਿੰਗ ਕਾਲਜਾਂ ਵਿਚ ਹੀ ਦਾਖਲੇ ਦੀ ਪ੍ਰਵਾਨਗੀ ਦਿਤੀ ਜਾਵੇ ਜਿਹਨਾਂ ਦੀਆਂ ਸੀਟਾਂ ਪਿਛਲੇਂ ਸਾਲਾਂ ਵਿਚ ਭਰਦੀਆਂ ਰਹੀਆਂ ਹਨ।

ਹਾਲਾਂਕਿ ਕਮੇਟੀ ਦੀ ਰੀਪੋਰਟ 'ਤੇ ਆਖਰੀ ਫ਼ੈਸਲਾ ਏਆਈਸੀਟੀਈ ਹੀ ਕਰੇਗੀ। ਸੂਤਰਾਂ ਮੁਤਾਬਕ ਕਮੇਟੀ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲ ਤੋਂ ਇੰਜੀਨੀਅਰਿੰਗ ਵਿਚ 50 ਫ਼ੀ ਸਦੀ ਸੀਟਾਂ ਖਾਲੀ ਰਹਿ ਰਹੀਆਂ ਹਨ। ਇਸੇ ਕਾਰਨ ਚਾਲੂ 2020-21 ਸੈਸ਼ਨ ਵਿਚ ਕਿਸੇ ਵੀ ਨਵੇਂ ਇੰਜੀਨੀਅਰਿੰਗ ਕਾਲਜ ਵਿਚ ਬੀਟੈਕ ਵਿਚ ਦਾਖਲਾ ਨਾ ਕਰਨ ਦੀ ਸਿਫਾਰਸ਼ ਹੈ। ਬੀਟੈਕ ਡਿਗਰੀ ਤੋਂ ਬਾਅਦ ਵੀ 50 ਫ਼ੀ ਸਦੀ ਵਿਦਿਆਰਥੀਆਂ ਨੂੰ ਨੌਕਰੀ ਨਹੀਂ ਮਿਲ ਰਹੀ ਸੀ।

ਇਸੇ ਕਾਰਨ ਬਜ਼ਾਰ ਦੀ ਮੰਗ ਦੇ ਆਧਾਰ 'ਤੇ ਇੰਜੀਨਅਰਿੰਗ ਵਿਚ ਦਾਖਲਾ ਵਿੰਡੋ ਓਪਨ ਕਰਨ ਦੇ ਮਕਸਦ ਨਾਲ ਏਆਈਸੀਟੀਈ ਨੇ ਕਮੇਟੀ ਦਾ ਗਠਨ ਕਰਦੇ ਹੋਏ ਉਸ ਤੋਂ ਸੁਝਾਅ ਮੰਗੇ ਸਨ। ਆਈਆਈਟੀ ਹੈਦਰਾਬਾਦ ਦੇ ਬੋਰਡ ਆਫ਼ ਗਵਰਨਰ ਦੇ ਚੇਅਰਮੈਨ ਪ੍ਰੋਫੈਸਰ ਬੀਵੀਆਰ ਮੋਹਨ ਰੈਡੀ ਦੀ ਅਗਵਾਈ ਵਿਚ ਗਠਿਤ ਕਮੇਟੀ ਵਿਚ ਆਈਆਈਟੀ ਫਿੱਕੀ ਨੈਸਕੌਮ, ਐਸੋਚੈਮ, ਅਤੇ ਸੈਂਟਰ ਫਾਰ ਮੈਨੇਜਮੈਂਟ ਐਜੂਕੇਸ਼ਨ ਆਦਿ ਦੇ ਮਾਹਿਰ ਸ਼ਾਮਲ ਸਨ।