ਆਵਾਜ਼ ਪ੍ਰਦੂਸ਼ਣ ਨੂੰ ਘਟਾਉਣ ਲਈ ਸਿਰਫ ਇਕ ਵਾਰ ਹੋਵੇਗੀ ਹਰ ਫਲਾਈਟ ਦੀ ਅਨਾਉਂਸਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਵਾਈ ਅੱਡਿਆਂ 'ਤੇ ਵਾਰ-ਵਾਰ ਅਨਾਉਂਸਮੈਂਟ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਉਹ ਏਅਰਪੋਰਟ ਅਥਾਰਿਟੀ ਨੂੰ ਇਸ ਸਬੰਧੀ ਲਗਾਤਾਰ ਸ਼ਿਕਾਇਤ ਕਰ ਰਹੇ ਸਨ।

Swami Vivekananda Airport

ਰਾਇਪੁਰ : ਨਵੇਂ ਸਾਲ ਦੇ ਮੌਕੇ ਰਾਇਪੁਰ ਵਿਖੇ ਸਥਿਤ ਸਵਾਮੀ ਵਿਵੇਕਾਨੰਦ ਏਅਰਪੋਰਟ 'ਤੇ ਇਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਹਰ ਪੰਜ ਤੋਂ ਦੱਸ ਮਿੰਟ ਵਿਚ ਜਾਂ ਵਾਰ-ਵਾਰ ਉਡਾਣਾਂ ਦਾ ਐਲਾਨ ਨਹੀਂ ਕੀਤਾ ਜਾਵੇਗਾ। ਫਲਾਈਟ ਦੀ ਅਨਾਉਂਸਮੈਂਟ ਜਹਾਜ਼ ਆਉਣ ਤੋਂ ਠੀਕ ਪਹਿਲਾਂ ਇਕ ਵਾਰ ਹੀ ਹੋਵੇਗੀ। ਦਰਅਸਲ ਹਵਾਈ ਅੱਡਿਆਂ 'ਤੇ ਵਾਰ-ਵਾਰ ਅਨਾਉਂਸਮੈਂਟ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਉਹ ਏਅਰਪੋਰਟ ਅਥਾਰਿਟੀ ਨੂੰ ਇਸ ਸਬੰਧੀ ਲਗਾਤਾਰ ਸ਼ਿਕਾਇਤ ਕਰ ਰਹੇ ਸਨ। ਇਸ ਲਈ ਇਹ ਫ਼ੈਸਲਾ ਲਿਆ ਗਿਆ ਜੋ ਕਿ ਅੱਜ ਤੋਂ ਲਾਗੂ ਹੋ ਗਿਆ ਹੈ।

ਯਾਤਰੀਆਂ ਦੀ ਸਹੂਲਤ ਲਈ ਇਲੈਕਟ੍ਰਾਨਿਕਸ ਡਿਸਪਲੇ ਵਿਚ ਸਾਰੀ ਉਡਾਣਾਂ ਦੀ ਜਾਣਕਾਰੀ 24 ਘੰਟੇ ਦਿਤੀ ਜਾਵੇਗੀ। ਯਾਤਰੀਆਂ ਨੂੰ ਕਿਸੇ ਵੀ ਉਡਾਣ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਡਿਜ਼ੀਟਲ ਡਿਸਪਲੇ ਬੋਰਡ ਨੂੰ ਦੇਖ ਸਕਦੇ ਹਨ। ਇਸ ਦੇ ਨਾਲ ਹੀ ਸਾਰੇ ਏਅਰਲਾਈਨਜ਼ ਵੱਲੋਂ ਯਾਤਰੀਆਂ ਨੂੰ ਉਡਾਣ ਨਾਲ ਜੁੜੀ ਹਰ ਜਾਣਕਾਰੀ ਐਸਐਮਐਸ ਰਾਹੀਂ ਵੀ ਉਪਲਬਧ ਕਰਵਾਈ ਜਾਵੇਗਾ। ਅਜਿਹੇ ਯਾਤਰੀ ਜੋ ਬੋਰਡਿੰਗ ਕਰਾਉਣ ਤੋਂ ਬਾਅਦ ਵੀ ਜਹਾਜ਼ ਵਿਚ ਨਹੀਂ ਪਹੁੰਚਣਗੇ ਉਹਨਾਂ ਲਈ ਇਕ ਵਾਰ ਐਲਾਨ ਜ਼ਰੂਰ ਕੀਤਾ ਜਾਵੇਗਾ ਕਿ ਜਹਾਜ਼ ਦੇ ਟੇਕ ਆਫ ਦਾ ਸਮਾਂ ਹੋ ਗਿਆ ਹੈ।

ਇਸ ਤਰ੍ਹਾਂ ਦੀ ਸਹੂਲਤ ਇੰਟਰਨੈਸ਼ਨਲ ਏਅਰਪੋਰਟ 'ਤੇ ਹੀ ਦਿਤੀ ਜਾ ਰਹੀ ਹੈ। ਹੌਲੀ-ਹੌਲੀ ਘਰੇਲੂ ਹਵਾਈ ਅੱਡਿਆਂ ਵਿਚ ਵਾਰ-ਵਾਰ ਅਨਾਉਂਸਮੈਂਟ ਦੀ ਪ੍ਰਕਿਰਿਆ ਖਤਮ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੰਦੌਰ ਵਿਚ ਵੀ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਜਹਾਜ਼ਾਂ ਦੀਆਂ ਉਡਾਣ ਭਰਨ ਦੀ ਅਨਾਉਸਮੈਂਟ ਵਾਰ-ਵਾਰ ਨਹੀਂ ਕੀਤੀ ਜਾਵੇਗੀ। ਏਅਰਪੋਰਟ ਦੇ ਡਾਇਰੈਕਟਰ ਰਾਕੇਸ਼ ਆਰ ਸਹਾਇ ਨੇ ਦੱਸਿਆ ਕਿ ਏਅਰਪੋਰਟ ਵਿਚ ਹਰ ਤਰ੍ਹਾਂ ਦੇ ਲੋਕ ਆਉਂਦੇ ਹਨ। ਇਹਨਾਂ ਵਿਚ ਮਰੀਜ਼ ਅਤੇ ਬਜ਼ੁਰਗ ਵੀ ਸ਼ਾਮਲ ਹੁੰਦੇ ਹਨ। ਸਾਰੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਸ ਨਿਯਮ ਨੂੰ ਲਾਗੂ ਕੀਤਾ ਜਾ ਰਿਹਾ ਹੈ।