ਕੋਰੋਨਾ ਵਾਇਰਸ- ਚੀਨ ਤੋਂ  324 ਭਾਰਤੀ ਨੂੰ ਲੈ ਕੇ ਵਤਨ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੀ ਦਹਿਸ਼ਤ ਵਿਚ ਚੀਨ ਦੇ ਵੂਹਾਨ ਵਿਚ ਫਸੇ ਭਾਰਤੀ ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਡਬਲ ਡੈਕਰ ਜੰਬੋ 747 ਭਾਰਤ ਪਹੁੰਚ ਚੁੱਕਾ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦਹਿਸ਼ਤ ਵਿਚ ਚੀਨ ਦੇ ਵੂਹਾਨ ਵਿਚ ਫਸੇ ਭਾਰਤੀ ਲੋਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਡਬਲ ਡੈਕਰ ਜੰਬੋ 747 ਭਾਰਤ ਪਹੁੰਚ ਚੁੱਕਾ ਹੈ। 423 ਯਾਤਰੀਆਂ ਦੀ ਸਮਰੱਥਾ ਵਾਲੇ ਬੋਇੰਗ ਬੀ-747 ਵਿਸ਼ੇਸ਼ ਜਹਾਜ਼ ਨੇ ਸ਼ੁੱਕਰਵਾਰ ਦੇਰ ਰਾਤ ਚੀਨ ਦੇ ਵੂਹਾਨ ਤੋਂ ਉਡਾਨ ਭਰੀ ਸੀ। ਇਸ ਜਹਾਜ਼ ਵਿਚ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਦੇ 5 ਡਾਕਟਰਾਂ ਦੀ ਟੀਮ ਵੀ ਮੌਜੂਦ ਸੀ।

ਇਸ ਤੋਂ ਇਲਾਵਾ ਜਹਾਜ਼ ਵਿਚ ਪੈਰਾ ਮੈਡੀਕਲ ਸਟਾਫ ਵੀ ਸੀ, ਜਿਸ ਦੇ ਕੋਲ ਜ਼ਰੂਰੀ ਦਵਾਈਆਂ, ਮਾਸਕ, ਓਵਰਕੋਟ ਅਤੇ ਪੈਕ ਕੀਤਾ ਹੋਇਆ ਭੋਜਨ ਸੀ। ਇਸ ਤੋਂ ਇਲਾਵਾ ਇੰਜੀਨੀਅਰ ਅਤੇ ਸੁਰੱਖਿਆ ਅਧਿਕਾਰੀਆਂ ਦੀ ਇਕ ਟੀਮ ਵੀ ਇਸ ਫਲਾਇਟ ਵਿਚ ਮੌਜੂਦ ਸੀ। ਇਹ ਜਹਾਜ਼ ਸ਼ਨੀਵਾਰ ਸਵੇਰੇ 7 ਵਜੇ ਤੋਂ ਬਾਅਦ ਨਵੀਂ ਦਿੱਲੀ ਪਹੁੰਚਿਆ।

ਦੱਸ ਦਈਏ ਕਿ ਚੀਨ ਦਾ ਹੁਬੇਈ ਸੂਬਾ ਕੋਰੋਨਾ ਵਾਇਰਸ ਦਾ ਮੁੱਖ ਕੇਂਦਰ ਮੰਨਿਆ ਜਾ ਰਿਹਾ ਹੈ, ਜਿਸ ਦੀ ਰਾਜਧਾਨੀ ਵੂਹਾਨ ਹੈ। ਜਾਣਕਾਰੀ ਮੁਤਾਬਕ ਇੱਥੇ ਕਰੀਬ 700 ਭਾਰਤੀ ਰਹਿੰਦੇ ਹਨ। ਇਹਨਾਂ ਲੋਕਾਂ ਵਿਚ ਜ਼ਿਆਦਾਤਰ ਮੈਡੀਕਲ ਵਿਦਿਆਰਥੀ ਅਤੇ ਰਿਸਰਚ ਸਕਾਲਰ ਹਨ, ਜੋ ਇੱਥੇ ਪੜ੍ਹਾਈ ਕਰ ਰਹੇ ਹਨ।

ਨਿਊਜ਼ ਏਜੰਸੀ ਮੁਤਾਬਕ ਚੀਨੀ ਨਵੇਂ ਸਾਲ ਅਤੇ ਬਸੰਤ ਤਿਉਹਾਰ ਦੀਆਂ ਛੁੱਟੀਆਂ ਦੇ ਕਾਰਨ ਕਈ ਭਾਰਤੀ ਪਹਿਲਾਂ ਹੀ ਭਾਰਤ ਆ ਚੁੱਕੇ ਹਨ। ਦੱਸ ਦਈਏ ਕਿ ਸਥਾਨਕ ਹਵਾਈ ਅੱਡੇ ਨੂੰ ਹਵਾਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਪਰ ਪਿਛਲੇ ਦੋ ਦਿਨਾਂ ਵਿਚ ਵੱਖ-ਵੱਖ ਦੇਸ਼ਾਂ ਦੇ ਜਹਾਜ਼ਾਂ ਲਈ ਇਸ ਨੂੰ ਦੁਬਾਰਾ ਖੋਲ੍ਹਿਆ ਗਿਆ ਹੈ ਤਾਂ ਜੋ ਸਬੰਧਤ ਦੇਸ਼ ਅਪਣੇ-ਅਪਣੇ ਨਾਗਰਿਕਾਂ ਨੂੰ ਲਿਜਾ ਸਕਣ।

ਭਾਰਤ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਕਰੀਬ 600 ਵਿਦਿਆਰਥੀਆਂ ਅਤੇ ਹੋਰ ਭਾਰਤੀਆਂ ਨੂੰ ਦਿੱਲੀ ਦੇ ਛਾਵਲਾ ਅਤੇ ਹਰਿਆਣਾ ਦੇ ਮਾਨੇਸਰ ਕੈਂਪ ਵਿਚ ਠਹਿਰਾਉਣ ਦਾ ਇੰਤਜ਼ਾਮ ਕੀਤਾ ਹੈ। ਫਿਲਹਾਲ ਚੀਨ ਤੋਂ 324 ਭਾਰਤੀ ਪਰਤ ਰਹੇ ਹਨ। ਭਾਰਤ ਸਰਕਾਰ ਵੱਲੋਂ ਨੇ ਬਾਕੀ ਭਾਰਤੀ ਨਾਗਰਿਕਾਂ ਨੂੰ ਘੱਟੋ-ਘੱਟ 2 ਹਫਤਿਆਂ ਤੱਕ ਵੱਖ ਰੱਖਣ ਦਾ ਫੈਸਲਾ ਕੀਤਾ ਹੈ।

ਇਸੇ ਫੈਸਲੇ ਦੇ ਤਹਿਤ ਚੀਨ ਤੋਂ ਪਰਤ ਰਹੇ ਸਾਰੇ ਭਾਰਤੀਆਂ ਨੂੰ ਭਾਰਤ-ਤਿੱਬਤ ਸੀਮਾ ਪੁਲਿਸ ਦੀ ਬਿਲਡਿੰਗ ਅਤੇ ਇੰਡੀਅਨ ਆਰਮੀ ਫੋਰਸ ਮੈਡੀਕਲ ਸਰਵਿਸਿਜ਼ ਦੇ ਭਵਨ ਵਿਚ ਰੱਖਿਆ ਜਾਵੇਗਾ। ਇੱਥੇ ਹੀ ਇਹਨਾਂ ਦੀ ਜਾਂਚ ਕੀਤੀ ਜਾਵੇਗੀ।