Lipstick ਤੋਂ ਬਾਅਦ ਲੜਕੀਆਂ ਦੇ ਕਾਲਜ 'ਚ ਫੋਨ ਲਿਆਉਣ 'ਤੇ ਲੱਗੀ ਰੋਕ
ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਵਿਚ ਕੁੜੀਆਂ ਦੇ ਇਕ ਕਾਲਜ ਨੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਦੇ ਮਕਸਦ ਨਾਲ ਮੋਬਾਇਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ...
ਔਰੰਗਾਬਾਦ - ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਵਿਚ ਕੁੜੀਆਂ ਦੇ ਇਕ ਕਾਲਜ ਨੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰਨ ਦੇ ਮਕਸਦ ਨਾਲ ਮੋਬਾਇਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਕਾਲਜ ਵਲੋਂ ਇਹ ਕਦਮ ਅਜਿਹੇ ਦੌਰ 'ਚ ਚੁੱਕਿਆ ਗਿਆ ਹੈ, ਜਦੋਂ ਮੋਬਾਇਲ ਫੋਨ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਅਤੇ ਨੌਜਵਾਨ ਸੋਸ਼ਲ ਮੀਡੀਆ ਨਾਲ ਚਿਪਕੇ ਰਹਿੰਦੇ ਹਨ।
ਡਾ. ਰਫੀਕ ਜ਼ਕਾਰੀਆ ਵੂਮੈਨਜ਼ ਕਾਲਜ ਦੇ ਪ੍ਰੋਫੈਸਰ ਡਾ. ਮਕਦੂਮ ਫਾਰੂਕੀ ਨੇ ਕਿਹਾ ਕਿ ਅਸੀਂ ਸਿੱਖਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਉਪਾਅ ਤਲਾਸ਼ ਰਹੇ ਸੀ ਅਤੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਜੇਕਰ ਵਿਦਿਆਰਥਣਾਂ ਨੂੰ ਜਮਾਤਾਂ 'ਚ ਮੋਬਾਇਲ ਫੋਨ ਲਿਆਉਣ ਦੀ ਆਗਿਆ ਨਾ ਦਿੱਤੀ ਜਾਵੇ ਤਾਂ ਉਹ ਪੜ੍ਹਾਈ ਵੱਲ ਬਿਹਤਰ ਤਰੀਕੇ ਨਾਲ ਧਿਆਨ ਦੇ ਸਕਦੇ ਹਨ।
ਇਸ ਕਾਲਜ 'ਚ 3000 ਤੋਂ ਵਧ ਵਿਦਿਆਰਥਣਾਂ ਹਨ ਅਤੇ ਇਨ੍ਹਾਂ 'ਚ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਸਿਲੇਬਸਾਂ ਦੀ ਪੜ੍ਹਾਈ ਹੁੰਦੀ ਹੈ। ਡਾ. ਫਾਰੂਕੀ ਨੇ ਦੱਸਿਆ ਕਿ 15 ਦਿਨ ਪਹਿਲਾਂ ਲਾਈ ਗਈ ਪਾਬੰਦੀ ਨਾਲ ਵਿਦਿਆਰਥਣਾਂ ਨੂੰ ਨਾ ਸਿਰਫ ਜਮਾਤਾਂ 'ਚ ਧਿਆਨ ਕੇਂਦਰਿਤ ਕਰਨ 'ਚ ਮਦਦ ਮਿਲੇਗੀ, ਸਗੋਂ ਕਿ ਉਨ੍ਹਾਂ ਦੀ ਆਪਣੇ ਸਾਥੀ ਵਿਦਿਆਰਥਣਾਂ ਨਾਲ ਪੜ੍ਹਾਈ ਨੂੰ ਲੈ ਕੇ ਗੱਲਬਾਤ ਵੀ ਬਿਹਤਰ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਦੂਰ-ਦੁਰਾਡੇ ਦੇ ਸਥਾਨਾਂ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਵਿਚ ਐਂਟਰੀ ਮਗਰੋਂ ਆਪਣਾ ਫੋਨ ਜਮਾਂ ਕਰਾਉਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਘਰ ਜਾਂਦੇ ਸਮੇਂ ਫੋਨ ਦਿੱਤਾ ਜਾਂਦਾ ਹੈ। ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਡਾ. ਟੀ. ਏ. ਪੈਠਣਕਰ ਨੇ ਕਿਹਾ ਕਿ ਸ਼ੁਰੂਆਤ ਵਿਚ ਸਾਨੂੰ ਵੀ ਇਹ ਫੈਸਲਾ ਪਾਬੰਦੀ ਸ਼ੁਦਾ ਲੱਗਿਆ ਪਰ ਹੁਣ ਵਿਦਿਆਰਥਣਾਂ ਆਪਣੀ ਪੜ੍ਹਾਈ 'ਤੇ ਧਿਆਨ ਲਾ ਰਹੀਆਂ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਉਨ੍ਹਾਂ ਦੇ ਪ੍ਰੀਖਿਆ ਨਤੀਜਿਆਂ 'ਚ ਵੀ ਨਜ਼ਰ ਆਵੇਗਾ।
ਇਕ ਵਿਦਿਆਰਥਣ ਨੇ ਕਾਲਜ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਅਤੇ ਕਿਹਾ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਜਾਣ ਰਹੇ ਹਾਂ, ਹੁਣ ਸਾਡੇ ਕੋਲ ਲਾਇਬ੍ਰੇਰੀ 'ਚ ਅਖਬਾਰਾਂ ਅਤੇ ਮੈਗਜ਼ੀਨ ਪੜ੍ਹਨ ਦਾ ਵਧ ਸਮਾਂ ਰਹਿੰਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਇਕ ਯੂਨੀਵਰਸਿਟੀ ਨੇ ਅਜੀਬੋ-ਗਰੀਬ ਫਰਮਾਨ ਜਾਰੀ ਕੀਤਾ ਸੀ।
ਯੂਨੀਵਿਰਸਿਟੀ ਨੇ ਕੈਪਸ ਵਿਚ ਪੜ੍ਹਨ ਵਾਲੀਆਂ ਲੜਕੀਆਂ ਨੂੰ ਲਿਪਸਟੀਕ ਨਾਂ ਲਗਾ ਕੇ ਆਉਣ ਦੀ ਸਲਾਹ ਦਿੱਤੀ ਸੀ ਜਿਸ ਦਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਮਜ਼ਾਕ ਉਡਾਇਆ ਜਾ ਰਿਹਾ ਸੀ। ਦਰਅਸਲ ਮੁਜ਼ਫਰਾਬਾਦ ਦੀ ਇਕ ਯੂਨੀਵਰਸਿਟੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦਿਆ ਕਿਹਾ ਕਿ ਕੈਂਪਸ ਵਿਚ ਪੜ੍ਹਨ ਵਾਲੀਆਂ ਲੜਕੀਆਂ ਨੂੰ ਲਿਪਸਟਿਕ ਲਗਾ ਕੇ ਆਉਣ ਦੀ ਇਜ਼ਾਜਤ ਨਹੀਂ ਹੈ ਜੇਕਰ ਕਿਸੇ ਲੜਕੀ 'ਤੇ ਲਿਪਸਟਿਕ ਲੱਗੀ ਹੋਈ ਵੇਖੀ ਗਈ ਤਾਂ ਉਸ ਨੂੰ 100 ਰੁਪਏ ਜ਼ੁਰਮਾਨੇ ਦੇ ਤੌਰ 'ਤੇ ਦੇਣੇ ਪੈਣਗੇ।