ਏਅਰ ਮਾਰਸ਼ਲ ਏ.ਪੀ. ਸਿੰਘ ਨੇ ਵਾਇਸ ਚੀਫ਼ ਆਫ਼ ਏਅਰ ਸਟਾਫ਼ ਵਜੋਂ ਸੰਭਾਲਿਆ ਅਹੁਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

1984 ਵਿੱਚ ਮਿਲਿਆ ਸੀ ਕਮਿਸ਼ਨ, ਅਨੇਕਾਂ ਅਹੁਦਿਆਂ 'ਤੇ ਨਿਭਾ ਚੁੱਕੇ ਹਨ ਸੇਵਾਵਾਂ

Image

 

ਨਵੀਂ ਦਿੱਲੀ - ਏਅਰ ਮਾਰਸ਼ਲ ਏ.ਪੀ. ਸਿੰਘ (ਅਮਰ ਪ੍ਰੀਤ ਸਿੰਘ) ਨੇ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਨਵੇਂ ਉਪ-ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਕੋਲ 5,000 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ।

ਉਨ੍ਹਾਂ ਨੇ ਏਅਰ ਮਾਰਸ਼ਲ ਸੰਦੀਪ ਸਿੰਘ ਦੀ ਥਾਂ ਲਈ ਹੈ, ਜੋ 39 ਸਾਲ ਤੋਂ ਵੱਧ ਸੇਵਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਸੇਵਾਮੁਕਤ ਹੋਏ ਹਨ। ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ, ਏਅਰ ਮਾਰਸ਼ਲ ਏ.ਪੀ. ਸਿੰਘ ਨੂੰ 21 ਦਸੰਬਰ, 1984 ਨੂੰ ਭਾਰਤੀ ਹਵਾਈ ਸੈਨਾ ਦੀ ਲੜਾਕੂ ਸ਼ਾਖਾ ਵਿੱਚ ਤਾਇਨਾਤ ਕੀਤਾ ਗਿਆ ਸੀ।

ਏ.ਪੀ. ਸਿੰਘ ਇੱਕ ਨਿਪੁੰਨ ਫ਼ਲਾਇੰਗ ਇੰਸਟ੍ਰਕਟਰ ਅਤੇ ਪ੍ਰਯੋਗਾਤਮਕ ਟੈਸਟ ਪਾਇਲਟ ਹਨ, ਜਿਨ੍ਹਾਂ ਕੋਲ ਵੱਖ-ਵੱਖ ਕਿਸਮਾਂ ਦੇ ਜਹਾਜ਼ਾਂ 'ਤੇ 5,000 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ। ਆਪਣੇ ਕਰੀਅਰ ਦੌਰਾਨ ਉਹ ਇੱਕ ਸੰਚਾਲਨ ਲੜਾਕੂ ਸਕੁਐਡਰਨ ਅਤੇ ਇੱਕ ਫ਼ਰੰਟਲਾਈਨ ਏਅਰ ਬੇਸ ਦੀ ਕਮਾਂਡ ਕਰ ਚੁੱਕੇ ਹਨ। 

ਇੱਕ ਟੈਸਟ ਪਾਇਲਟ ਵਜੋਂ, ਉਨ੍ਹਾਂ ਨੇ ਮਾਸਕੋ ਵਿੱਚ ਮਿਗ-29 ਅਪਗ੍ਰੇਡ ਪ੍ਰੋਜੈਕਟ ਪ੍ਰਬੰਧਨ ਟੀਮ ਦੀ ਅਗਵਾਈ ਕੀਤੀ। ਉਹ ਲਾਈਟ ਕੰਬੈਟ ਏਅਰਕ੍ਰਾਫਟ ਤੇਜਸ ਦੀ ਫ਼ਲਾਈਟ ਟੈਸਟਿੰਗ ਦੀ ਨਿਗਰਾਨੀ ਕਰਨ ਵਾਲੇ ਨੈਸ਼ਨਲ ਫ਼ਲਾਈਟ ਟੈਸਟ ਸੈਂਟਰ ਵਿੱਚ ਪ੍ਰੋਜੈਕਟ ਡਾਇਰੈਕਟਰ (ਫ਼ਲਾਈਟ ਟੈਸਟਿੰਗ) ਵੀ ਸੀ।

ਉਹ ਸਾਊਥ ਵੈਸਟਰਨ ਏਅਰ ਕਮਾਂਡ ਵਿੱਚ ਏਅਰ ਡਿਫੈਂਸ ਕਮਾਂਡਰ ਅਤੇ ਈਸਟਰਨ ਏਅਰ ਕਮਾਂਡ ਵਿੱਚ ਸੀਨੀਅਰ ਏਅਰ ਸਟਾਫ਼ ਅਫ਼ਸਰ ਦੇ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਆਪਣੀ ਮੌਜੂਦਾ ਨਿਯੁਕਤੀ ਤੋਂ ਪਹਿਲਾਂ, ਉਹ ਸੈਂਟਰਲ ਏਅਰ ਕਮਾਂਡ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਸਨ। ਉਹ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਦਾ ਸਨਮਾਨ ਹਾਸਲ ਕਰ ਚੁੱਕੇ ਹਨ। 

ਹਵਾਈ ਸੈਨਾ ਦੇ ਉਪ-ਮੁਖੀ ਦਾ ਅਹੁਦਾ ਸੰਭਾਲਣ 'ਤੇ, ਉਨ੍ਹਾਂ ਨੇ ਦੇਸ਼ ਲਈ ਸਰਵਉੱਚ ਕੁਰਬਾਨੀ ਕਰਨ ਵਾਲੇ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਸਨਮਾਨ ਵਿੱਚ ਰਾਸ਼ਟਰੀ ਯੁੱਧ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਏਅਰ ਹੈੱਡਕੁਆਰਟਰ ਵਿਖੇ 'ਗਾਰਡ ਆਫ਼ ਆਨਰ' ਦਿੱਤਾ ਗਿਆ।