ਪਤੀ ਦੀ ਮੌਤ ਬਾਰੇ ਸਵਾਲ ਕਰਨ 'ਤੇ, ਜੁੱਤੀਆਂ ਦਾ ਹਾਰ ਪਾ ਕੇ ਔਰਤ ਦੀ ਪਿੰਡ 'ਚ ਕਰਵਾਈ ਪਰੇਡ
ਅੰਤਿਮ ਰਸਮਾਂ ਦੌਰਾਨ ਨਣਦ ਹੋ ਗਈ ਗੁੱਸੇ, ਉਸੇ ਨੇ ਕੀਤੀ ਇਹ ਦੁਰਦਸ਼ਾ
ਨਾਸਿਕ - ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਆਪਣੇ ਪਤੀ ਦੀ ਮੌਤ ਦੇ ਹਾਲਾਤਾਂ ਬਾਰੇ ਸ਼ੱਕ ਜਤਾਉਣ ਤੋਂ ਬਾਅਦ ਕੁਝ ਔਰਤਾਂ ਨੇ ਇੱਕ ਵਿਧਵਾ ਦੀ ਕੁੱਟਮਾਰ ਕੀਤੀ, ਉਸ ਦਾ ਮੂੰਹ ਕਾਲ਼ਾ ਕੀਤਾ, ਅਤੇ ਅਤੇ ਜੁੱਤੀਆਂ ਦਾ ਹਾਰ ਪਾ ਕੇ ਪਰੇਡ ਕਰਵਾਈ।
ਇਹ ਘਟਨਾ ਨਾਸਿਕ ਸ਼ਹਿਰ ਤੋਂ 65 ਕਿਲੋਮੀਟਰ ਦੂਰ ਚੰਦਵਾੜ ਤਾਲੁਕਾ ਦੇ ਸ਼ਿਵਰੇ ਪਿੰਡ ਵਿੱਚ 30 ਜਨਵਰੀ ਨੂੰ ਵਾਪਰੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਹਾਲ ਹੀ ਵਿੱਚ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਉਸ ਦੇ ਪੇਕੇ ਘਰ ਛੱਡ ਗਿਆ ਸੀ। ਉਹ ਦੋ ਵਾਰ ਆਪਣੀਆਂ ਧੀਆਂ ਨਾਲ ਉਸ ਨੂੰ ਮਿਲਣ ਵੀ ਆਇਆ।
ਔਰਤ ਆਪਣੇ ਪੇਕੇ ਘਰ 'ਚ ਹੀ ਸੀ ਜਦੋਂ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਹੈ।
ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਮੌਤ ਤੋਂ ਬਾਅਦ ਨਿਭਾਈਆਂ ਜਾਣ ਵਾਲੀਆਂ ਰਸਮਾਂ ਦੌਰਾਨ, 30 ਜਨਵਰੀ ਨੂੰ ਔਰਤ ਨੇ ਆਪਣੇ ਪਤੀ ਦੀ ਮੌਤ ਨਾਲ ਜੁੜੇ ਹਾਲਾਤਾਂ 'ਤੇ ਸ਼ੱਕ ਜਤਾਇਆ ਜਿਸ ਨਾਲ ਉਸ ਦੀ ਨਣਦ ਗੁੱਸੇ ਵਿੱਚ ਸੀ।"
ਅਧਿਕਾਰੀ ਅਨੁਸਾਰ ਨਣਦ ਅਤੇ ਪਿੰਡ ਦੀਆਂ ਕੁਝ ਹੋਰ ਔਰਤਾਂ ਨੇ ਪੀੜਤਾ ਦਾ ਮੂੰਹ ਕਾਲਾ ਕਰ ਦਿੱਤਾ ਅਤੇ ਜੁੱਤੀਆਂ ਦੇ ਹਾਰ ਪਾ ਕੇ ਪਿੰਡ ਵਿੱਚ ਉਸ ਦੀ ਪਰੇਡ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਬਚਾਇਆ। ਹਾਲੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ।