ਮੂੰਹ ਕਾਲਾ ਕਰਕੇ ਗਧਿਆਂ ’ਤੇ ਘੁੰਮਾਏ ਬਸਪਾ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਵਿਚ ਬਹੁਜਨ ਸਮਾਜ ਪਾਰਟੀ ਦੇ ਕਾਰਕੁੰਨਾਂ ਨੇ ਆਪਣੇ ਹੀ ਨੇਤਾਵਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।...

bsp worker

ਨਵੀਂ ਦਿੱਲੀ : ਰਾਜਸਥਾਨ ਵਿਚ ਬਹੁਜਨ ਸਮਾਜ ਪਾਰਟੀ ਦੇ ਕਾਰਕੁੰਨਾਂ ਨੇ ਆਪਣੇ ਹੀ ਨੇਤਾਵਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਹ ਖ਼ਿਲਾਫ਼ਤ ਇੰਨੀ ਜ਼ਿਆਦਾ ਵਧ ਗਈ ਕਿ ਪਾਰਟੀ ਵਰਕਰਾਂ ਨੇ ਆਪਣੇ ਨੇਤਾਵਾਂ ਨੂੰ ਜਨਤਕ ਤੌਰ 'ਤੇ ਜ਼ਲੀਲ ਕਰਦਿਆਂ ਉਨ੍ਹਾਂ ਦੇ ਮੂੰਹ 'ਤੇ ਕਾਲਖ ਮਲ ਕੇ ਜੁੱਤੀਆਂ ਦਾ ਹਾਰ ਪਾਇਆ ਅਤੇ ਉਨ੍ਹਾਂ ਨੂੰ ਗਧਿਆਂ 'ਤੇ ਵੀ ਘੁੰਮਾਇਆ। ਇਹ ਘਟਨਾ ਜੈਪੁਰ ਦੀ ਦੱਸੀ ਜਾ ਰਹੀ ਹੈ। ਦਰਅਸਲ ਪਾਰਟੀ ਵਰਕਰਾਂ ਦਾ ਦੋਸ਼ ਸੀ ਕਿ ਇਨ੍ਹਾਂ ਸੀਨੀਅਰ ਆਗੂਆਂ ਨੇ ਵਰਕਰਾਂ ਨਾਲ ਧੋਖੇਬਾਜ਼ੀ ਕਰਦੇ ਹੋਏ ਟਿਕਟਾਂ ਦੀ ਵੰਡ ਵਿਚ ਭ੍ਰਿਸ਼ਟਾਚਾਰ ਕੀਤਾ ਹੈ ਅਤੇ ਨਾ ਇਹ ਆਗੂ ਪਾਰਟੀ ਵਰਕਰਾਂ ਦੀ ਹਾਲਤ ਬਾਰੇ ਪਾਰਟੀ ਦੀ ਮੁਖੀ ਮਾਇਆਵਤੀ ਨੂੰ ਕੁੱਝ ਦੱਸਦੇ ਹਨ।

ਇਸੇ ਤੋਂ ਗੁੱਸੇ ਵਿਚ ਬਸਪਾ ਦੇ ਵਰਕਰਾਂ ਨੇ ਆਪਣੇ ਹੀ ਇਨ੍ਹਾਂ ਸੀਨੀਅਰ ਆਗੂਆਂ ’ਤੇ ਮੂੰਹਾਂ ’ਤੇ ਕਾਲਖ਼ ਮਲ ਕੇ ਅਤੇ ਗਲੇ ਵਿਚ ਜੁੱਤੀਆਂ ਦੇ ਹਾਰ ਪਾ ਕੇ ਗਧਿਆਂ ’ਤੇ ਬਿਠਾ ਕੇ ਘੁੰਮਾਇਆ। ਇਹ ਘਟਨਾਕ੍ਰਮ ਜੈਪੁਰ ਦੇ ਬਾਨੀਪਾਰਕ ਵਿਖੇ ਸਥਿਤ ਬਸਪਾ ਦਫਤਰ ਵਿਚ ਵਾਪਰਿਆ। ਜਿੱਥੇ ਬਸਪਾ ਦੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਰਕਰਾਂ ਨੇ ਪਾਰਟੀ ਦੇ ਕੌਮੀ ਕੋਆਰਡੀਨੇਟਰ ਰਾਮਜੀ ਗੌਤਮ ਅਤੇ ਬਸਪਾ ਦੇ ਸਾਬਕਾ ਸੂਬਾ ਇੰਚਾਰਜ ਸੀਤਾਰਾਮ ਦੇ ਚਿਹਰੇ ’ਤੇ ਕਾਲੀ ਸਿਆਹੀ ਮੱਲ ਦਿੱਤੀ ਤੇ ਉਨ੍ਹਾਂ ਨੂੰ ਜੁੱਤੀਆਂ ਦੀ ਮਾਲਾ ਪਹਿਨਾ ਕੇ ਗਧਿਆਂ ’ਤੇ ਬਿਠਾਇਆ ਅਤੇ ਪੂਰੇ ਇਲਾਕੇ ਵਿਚ ਉਨ੍ਹਾਂ ਦਾ ਜਲੂਸ ਕੱਢਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਘਟਨਾ ਬਾਰੇ ਵਰਕਰਾਂ ਦਾ ਕਹਿਣਾ ਹੈ ਕਿ ਸਾਡੇ ਵਰਕਰ ਆਪਣੇ ਨੇਤਾਵਾਂ ਤੋਂ ਨਾਰਾਜ਼ ਹਨ ਕਿਉਂਕਿ ਵਰਕਰ ਪੰਜ ਸਾਲ ਕੰਮ ਕਰਦੇ ਨੇ ਪਰ ਆਗੂ ਪੈਸੇ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਪੈਰਾਸ਼ੂਟ ਉਮੀਦਵਾਰਾਂ ਨੂੰ ਟਿਕਟਾਂ ਦੇ ਦਿੰਦੇ ਨੇ। ਬਸਪਾ ਵਰਕਰਾਂ ਅਤੇ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦਾ ਸੋਸ਼ਣ ਕੀਤਾ ਜਾਂਦਾ ਹੈ। ਪਾਰਟੀ ਵਰਕਰਾਂ ਨੇ ਕਿਹਾ ਕਿ ਅਜਿਹੇ ਭ੍ਰਿਸ਼ਟ ਆਗੂਆਂ ਨੂੰ ਸਬਕ ਸਿਖਾਉਣ ਦਾ ਇਹ ਵਧੀਆ ਤਰੀਕਾ ਹੈ। ਉਧਰ ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਾਂਗਰਸ ਪਾਰਟੀ ’ਤੇ ਸੂਬੇ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ।

ਮਾਇਆਵਤੀ ਨੇ ਟਵੀਟ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਰਾਜਸਥਾਨ ਵਿਚ ਬਸਪਾ ਵਿਧਾਇਕਾਂ ਨੂੰ ਤੋੜਿਆ ਸੀ ਅਤੇ ਹੁਣ ਅੰਦੋਲਨ ਨੂੰ ਠੇਸ ਪਹੁੰਚਾਉਣ ਲਈ ਉਥੋਂ ਦੇ ਬਜ਼ੁਰਗਾਂ ’ਤੇ ਹਮਲਾ ਕਰ ਰਹੀ ਹੈ। ਜੋ ਨਿੰਦਣਯੋਗ ਅਤੇ ਸ਼ਰਮਨਾਕ ਹੈ। ਕਾਂਗਰਸ ਅੰਬੇਡਕਰਵਾਦੀ ਅੰਦੋਲਨ ਦੇ ਵਿਰੁੱਧ ਬਹੁਤ ਗਲਤ ਪਰੰਪਰਾ ਦੇ ਰਹੀ ਐ, ਜਿਸ ਦਾ ਲੋਕ ਜਵਾਬ ਦੇ ਸਕਦੇ ਹਨ। ਇਸ ਲਈ ਕਾਂਗਰਸ ਨੂੰ ਅਜਿਹੀਆਂ ਘਿਨਾਉਣੀਆਂ ਅਤਿਵਾਦਾਂ ਤੋਂ ਗੁਰੇਜ਼ ਕਰਨਾ ਚਾਹੀਦੈ।’’

ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਰਾਜਸਥਾਨ ਵਿਚ ਬਸਪਾ ਦੀ ਟਿਕਟ ’ਤੇ ਚੁਣੇ ਗਏ ਸਾਰੇ ਦੇ ਸਾਰੇ 6 ਵਿਧਾਇਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਇਸ ਘਟਨਾਕ੍ਰਮ ਤੋਂ ਬਾਅਦ ਵੀ ਪਾਰਟੀ ਹੈੱਡਕੁਆਰਟਰ ਵਿਚ ਹੋਈ ਮੀਟਿੰਗ ਦੌਰਾਨ ਹੰਗਾਮਾ ਅਤੇ ਲੜਾਈ ਹੋਈ ਸੀ। ਪਾਰਟੀ ਵਰਕਰਾਂ ਵੱਲੋਂ ਅਪਣੇ ਸੀਨੀਅਰ ਆਗੂਆਂ ਵਿਰੁੱਧ ਕੀਤੀ ਇਸ ਕਾਰਵਾਈ ਨੇ ਹੋਰਨਾਂ ਕੁੱਝ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਵੀ ਸਬਕ ਦੇ ਦਿੱਤਾ ਕਿ ਜੇਕਰ ਉਹ ਪਾਰਟੀ ਵਰਕਰਾਂ ਦੀ ਅਣਦੇਖੀ ਕਰਨਗੇ ਤਾਂ ਉਨ੍ਹਾਂ ਨਾਲ ਵੀ ਭਵਿੱਖ ਵਿਚ ਅਜਿਹਾ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।