ਸ਼ਿਮਲਾ ਅਤੇ ਸ੍ਰੀਨਗਰ ’ਚ ਲੰਮੀ ਉਡੀਕ ਮਗਰੋਂ ਮੌਸਮ ਦੀ ਪਹਿਲੀ ਬਰਫਬਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕਾਂ ਸਮੇਤ ਸੇਬ ਬਾਗ ਮਾਲਕਾਂ ਦੇ ਚਿਹਰੇ ਵੀ ਖਿੜੇ

Shimla Snowfall

ਸ਼ਿਮਲਾ: ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ’ਚ ਅੱਜ ਭਾਰੀ ਬਰਫ਼ਬਾਰੀ ਵੇਖਣ ਨੂੰ ਮਿਲੀ। ਸ਼ਿਮਲਾ ਅਤੇ ਸ੍ਰੀਨਗਰ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਵੇਖਣ ਨੂੰ ਮਿਲੀ ਅਤੇ ਉੱਤਰਾਖੰਡ ’ਚ ਵੀ ਕਈ ਥਾਵਾਂ ’ਤੇ ਬਰਫ਼ ਦੀ ਮੋਟੀ ਪਰਤ ਵਿਛ ਗਈ। 

ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀਆਂ ਅਤੇ ਕਬਾਇਲੀ ਇਲਾਕਿਆਂ ’ਚ ਵੀਰਵਾਰ ਨੂੰ ਦਰਮਿਆਨੀ ਤੋਂ ਭਾਰੀ ਬਰਫਬਾਰੀ ਜਾਰੀ ਰਹੀ, ਜਦਕਿ ਸੂਬੇ ਦੀ ਰਾਜਧਾਨੀ ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਬਰਫਬਾਰੀ ਨੇ ਵਸਨੀਕਾਂ, ਸੈਲਾਨੀਆਂ ਅਤੇ ਕਿਸਾਨਾਂ ਦੇ ਚਿਹਰਿਆਂ ਨੂੰ ਚਮਕਾਇਆ ਹੈ।

ਸ਼ਿਮਲਾ ਵੀਰਵਾਰ ਨੂੰ ਬਰਫ ਦੀ ਪਤਲੀ ਚਾਦਰ ਨਾਲ ਢਕਿਆ ਹੋਇਆ ਸੀ, ਜਦਕਿ ਕੁਫਰੀ ਅਤੇ ਫਾਗੂ ਦੇ ਵਿਚਕਾਰ ਪੰਜ ਕਿਲੋਮੀਟਰ ਦਾ ਖੇਤਰ ਪੂਰੀ ਤਰ੍ਹਾਂ ਬਰਫ ਨਾਲ ਢਕਿਆ ਹੋਇਆ ਸੀ। ਠੰਢ ਦੇ ਬਾਵਜੂਦ ਸੈਲਾਨੀ ਅਤੇ ਵਸਨੀਕ ਬਰਫਬਾਰੀ ਦਾ ਅਨੰਦ ਲੈਣ ਲਈ ਸ਼ਹਿਰ ਦੇ ਵਿਚਕਾਰ ਸਥਿਤ ਮਾਲ ਰੋਡ ਅਤੇ ਰਿਜ ’ਤੇ ਇਕੱਠੇ ਹੋਏ। ਬੁਧਵਾਰ ਰਾਤ ਨੂੰ ਸ਼ਿਮਲਾ ’ਚ ਭਾਰੀ ਗੜੇਮਾਰੀ ਹੋਈ ਜਿਸ ਤੋਂ ਬਾਅਦ ਰੁਕ-ਰੁਕ ਕੇ ਮੀਂਹ ਪਿਆ। 

ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ, ਰਾਜ ’ਚ ਛੇ ਕੌਮੀ ਰਾਜਮਾਰਗਾਂ ਸਮੇਤ 240 ਤੋਂ ਵੱਧ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ ਅਤੇ ਭਾਰੀ ਬਰਫਬਾਰੀ ਅਤੇ ਮੀਂਹ ਕਾਰਨ 677 ਟਰਾਂਸਫਾਰਮਰ ਪ੍ਰਭਾਵਤ ਹੋਏ ਹਨ। 

ਦੂਜੇ ਪਾਸੇ ਸ਼੍ਰੀਨਗਰ ਅਤੇ ਕਸ਼ਮੀਰ ਦੇ ਹੋਰ ਹਿੱਸਿਆਂ ’ਚ ਵੀਰਵਾਰ ਨੂੰ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ ਸਥਾਨਕ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਲਹਿਰ ਹੈ। ਅਧਿਕਾਰੀਆਂ ਨੇ ਦਸਿਆ ਕਿ ਮੈਦਾਨੀ ਇਲਾਕਿਆਂ ’ਚ ਬਰਫਬਾਰੀ ਬੁਧਵਾਰ ਦੇਰ ਰਾਤ ਸ਼ੁਰੂ ਹੋਈ ਅਤੇ ਜ਼ਿਆਦਾਤਰ ਥਾਵਾਂ ’ਤੇ ਸਵੇਰ ਤਕ ਜਾਰੀ ਰਹੀ। ਸ੍ਰੀਨਗਰ ਅਤੇ ਮੈਦਾਨੀ ਇਲਾਕਿਆਂ ਨਾਲ ਲਗਦੇ ਹੋਰ ਇਲਾਕਿਆਂ ’ਚ ਬੀਤੀ ਦੇਰ ਰਾਤ ਮੀਂਹ ਅਤੇ ਬਰਫਬਾਰੀ ਹੋਈ। ਇਸ ਤੋਂ ਬਾਅਦ ਸਵੇਰ ਤਕ ਵਾਦੀ ਬਰਫ ਦੀ ਚਾਦਰ ਨਾਲ ਢੱਕੀ ਰਹੀ। 

ਅਧਿਕਾਰੀਆਂ ਨੇ ਦਸਿਆ ਕਿ ਸ੍ਰੀਨਗਰ ’ਚ ਕਰੀਬ 2 ਇੰਚ, ਅਨੰਤਨਾਗ ਸ਼ਹਿਰ ’ਚ 4 ਇੰਚ, ਕਾਜ਼ੀਗੁੰਡ ’ਚ 9 ਇੰਚ, ਪਹਿਲਗਾਮ ’ਚ 10 ਇੰਚ, ਪੁਲਵਾਮਾ ’ਚ 2, ਕੁਲਗਾਮ ’ਚ 3 ਸ਼ੋਪੀਆਂ ਕਸਬੇ, 5 ਗਾਂਦਰਬਲ ਕਸਬੇ, 2 ਬਾਰਾਮੂਲਾ ਕਸਬੇ, 3 ਕੁਪਵਾੜਾ ਕਸਬੇ, 4 ਅਤੇ ਗੁਲਮਰਗ ’ਚ 14 ਇੰਚ ਬਰਫਬਾਰੀ ਹੋਈ। ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ। ਗਾਂਦਰਬਲ ਦੇ ਵਸਨੀਕ ਇਰਫਾਨ ਅਹਿਮਦ ਨੇ ਕਿਹਾ ਕਿ ਵਾਦੀ ’ਚ ਬਰਫਬਾਰੀ ਸਮੇਂ ਦੀ ਲੋੜ ਹੈ ਕਿਉਂਕਿ ਇਹ ਰੋਜ਼ੀ-ਰੋਟੀ ਲਈ ਮਹੱਤਵਪੂਰਨ ਹੈ। 

ਉਤਰਾਖੰਡ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ’ਚ ਮੀਂਹ ਵੀਰਵਾਰ ਨੂੰ ਵੀ ਜਾਰੀ ਰਿਹਾ। ਹਾਲਾਂਕਿ ਇਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ। ਬਦਰੀਨਾਥ, ਕੇਦਾਰਨਾਥ, ਗੰਗੋਤਰੀ, ਯਮੁਨੋਤਰੀ, ਔਲੀ, ਹੇਮਕੁੰਡ ਸਾਹਿਬ ਦੀਆਂ ਉੱਚੀਆਂ ਪਹਾੜੀਆਂ ’ਤੇ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਉੱਥੇ ਬਰਫ ਦੀ ਮੋਟੀ ਚਾਦਰ ਵਿਛ ਗਈ। ਬੁਧਵਾਰ ਸ਼ਾਮ ਨੂੰ ਬਰਫਬਾਰੀ ਸ਼ੁਰੂ ਹੋਣ ਤੋਂ ਬਾਅਦ ਬਦਰੀਨਾਥ ’ਚ ਢਾਈ ਫੁੱਟ ਤਕ ਬਰਫਬਾਰੀ ਹੋਈ, ਜਦਕਿ ਔਲੀ ਸਮੇਤ ਉੱਚੇ ਇਲਾਕਿਆਂ ’ਚ ਬਰਫਬਾਰੀ ਜਾਰੀ ਰਹੀ। 

ਚਮੋਲੀ ਜ਼ਿਲ੍ਹੇ ’ਚ ਹਨੂੰਮਾਨ ਚੱਟੀ ਤੋਂ ਅੱਗੇ ਬਰਫਬਾਰੀ ਕਾਰਨ ਬਦਰੀਨਾਥ ਮੋਟਰ ਸੜਕ ਬੰਦ ਹੋ ਗਈ, ਜਦਕਿ ਮੰਡਲ ਚੋਪਟਾ ਮੋਟਰ ਰੋਡ ਬਰਫਬਾਰੀ ਕਾਰਨ ਕਿਲੋਮੀਟਰ 40 ਤੋਂ 48 ਤਕ ਆਵਾਜਾਈ ਲਈ ਬੰਦ ਹੋ ਗਈ। ਬਰਫਬਾਰੀ ਕਾਰਨ ਫੂਲ ਚੱਟੀ ਤੋਂ ਅੱਗੇ ਯਮੁਨੋਤਰੀ ਕੌਮੀ ਰਾਜਮਾਰਗ ਅਤੇ ਚੌਰੰਗੀ ਖਾਲ ਕਿਲੋਮੀਟਰ 23 ਤੋਂ 33 ਕਿਲੋਮੀਟਰ ਤਕ ਲੰਬਗਾਓਂ ਮੋਟਰ ਸੜਕ ਬੰਦ ਹੈ। 

ਦੂਜੇ ਪਾਸੇ ਉੱਤਰਕਾਸ਼ੀ ਜ਼ਿਲ੍ਹੇ ਦੇ ਸਰਹੱਦੀ ਵਿਕਾਸ ਬਲਾਕ ਦੇ ਮੋਰੀ ਬਲਾਕ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਕਾਰਨ ਸੇਬ ਦੇ ਬਾਗ ਮਾਲਕਾਂ ਦੇ ਚਿਹਰੇ ਖਿੜ ਗਏ ਹਨ। ਸੇਬ ਦੀ ਫਸਲ ਲਈ ਬਰਫਬਾਰੀ ਜ਼ਰੂਰੀ ਹੈ। ਬਰਫਬਾਰੀ ਨਾਲ ਬਾਗਾਂ ’ਚ ਲੋੜੀਂਦੀ ਨਮੀ ਆਉਂਦੀ ਹੈ, ਜਿਸ ਨਾਲ ਸੇਬ, ਨਾਸ਼ਪਾਤੀ, ਆੜੂ ਅਤੇ ਹੋਰ ਨਕਦੀ ਫਸਲਾਂ ਦੀ ਚੰਗੀ ਪੈਦਾਵਾਰ ਹੁੰਦੀ ਹੈ। ਇਸ ਦੇ ਨਾਲ ਹੀ ਸੈਰ-ਸਪਾਟਾ ਕਾਰੋਬਾਰ ਨਾਲ ਜੁੜੇ ਲੋਕ ਵੀ ਬਰਫਬਾਰੀ ਤੋਂ ਖੁਸ਼ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਬਰਫਬਾਰੀ ਵੇਖਣ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ। 

ਪੰਜਾਬ ਤੇ ਹਰਿਆਣਾ ’ਚ ਭਾਰੀ ਮੀਂਹ, ਘੱਟੋ-ਘੱਟ ਤਾਪਮਾਨ ਆਮ ਨਾਲੋਂ ਵਧਿਆ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ’ਚ ਵੀਰਵਾਰ ਨੂੰ ਮੀਂਹ ਪਿਆ ਪਰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ। ਮੌਸਮ ਵਿਭਾਗ (ਆਈ.ਐਮ.ਡੀ.) ਨੇ ਕਿਹਾ ਪੰਜਾਬ ’ਚ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਪਠਾਨਕੋਟ, ਫਰੀਦਕੋਟ ਅਤੇ ਮੋਹਾਲੀ ਸਮੇਤ ਹੋਰ ਥਾਵਾਂ ’ਤੇ ਮੀਂਹ ਪਿਆ, ਜਦਕਿ ਹਰਿਆਣਾ, ਅੰਬਾਲਾ, ਹਿਸਾਰ, ਕਰਨਾਲ, ਰੋਹਤਕ, ਭਿਵਾਨੀ ’ਚ ਮੀਂਹ ਪਿਆ। ਪੰਜਾਬ ਮੋਗਾ ਅਤੇ ਮੁਹਾਲੀ ਸਮੇਤ ਕਈ ਥਾਵਾਂ ’ਤੇ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ।

ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 9.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਚਾਰ ਡਿਗਰੀ ਵੱਧ ਹੈ, ਜਦਕਿ ਲੁਧਿਆਣਾ ਅਤੇ ਪਟਿਆਲਾ ’ਚ ਘੱਟੋ-ਘੱਟ ਤਾਪਮਾਨ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ, ਬਠਿੰਡਾ, ਗੁਰਦਾਸਪੁਰ ਅਤੇ ਫਰੀਦਕੋਟ ’ਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 10.4 ਡਿਗਰੀ ਸੈਲਸੀਅਸ, 11.2 ਡਿਗਰੀ ਸੈਲਸੀਅਸ, 10.3 ਡਿਗਰੀ ਸੈਲਸੀਅਸ ਅਤੇ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਅੰਬਾਲਾ ਅਤੇ ਹਿਸਾਰ ’ਚ ਘੱਟੋ-ਘੱਟ ਤਾਪਮਾਨ 11.8 ਡਿਗਰੀ ਸੈਲਸੀਅਸ ਅਤੇ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਚਾਰ ਡਿਗਰੀ ਵੱਧ ਹੈ। 

ਕਰਨਾਲ, ਨਾਰਨੌਲ, ਰੋਹਤਕ, ਭਿਵਾਨੀ ਅਤੇ ਸਿਰਸਾ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 12.1 ਡਿਗਰੀ ਸੈਲਸੀਅਸ, 10 ਡਿਗਰੀ ਸੈਲਸੀਅਸ, 12.4 ਡਿਗਰੀ 10.7 ਡਿਗਰੀ ਸੈਲਸੀਅਸ ਅਤੇ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਤਿੰਨ ਡਿਗਰੀ ਵੱਧ ਹੈ। 

ਦਿੱਲੀ ’ਚ ਮੀਂਹ ਕਾਰਨ ਠੰਢ ਵਧੀ, ਹਵਾ ਦੀ ਕੁਆਲਿਟੀ ’ਚ ਸੁਧਾਰ

ਦਿੱਲੀ ’ਚ ਵੀ ਭਾਰੀ ਮੀਂਹ ਪੈਣ ਨਾਲ ਠੰਢ ਵਧ ਗਈ ਹੈ ਅਤੇ ਹਵਾ ਦੀ ਕੁਆਲਿਟੀ ’ਚ ਵੀ ਸੁਧਾਰ ਹੋਇਆ ਹੈ। ਇਕ ਅਧਿਕਾਰੀ ਨੇ ਦਸਿਆ ਕਿ ਸਫਦਰਜੰਗ ਆਬਜ਼ਰਵੇਟਰੀ ਨੇ ਵੀਰਵਾਰ ਰਾਤ 1:30 ਵਜੇ ਤਕ ਪਿਛਲੇ 24 ਘੰਟਿਆਂ ’ਚ 27 ਮਿਲੀਮੀਟਰ ਮੀਂਹ ਦਰਜ ਕੀਤਾ। ਵੀਰਵਾਰ ਨੂੰ ਕੌਮੀ ਰਾਜਧਾਨੀ ’ਚ ਘੱਟੋ-ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਇਕ ਡਿਗਰੀ ਘੱਟ ਹੈ, ਜਦਕਿ ਸਵੇਰੇ 8:30 ਵਜੇ ਨਮੀ ਦਾ ਪੱਧਰ 100 ਫੀ ਸਦੀ ਰਿਹਾ। ਮੌਸਮ ਵਿਗਿਆਨੀਆਂ ਨੇ ਦਿਨ ਦੌਰਾਨ ਬਹੁਤ ਹਲਕੀ ਬਾਰਸ਼ ਦੇ ਨਾਲ ਆਮ ਤੌਰ ’ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਦਿੱਲੀ ਦਾ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਵੀਰਵਾਰ ਸਵੇਰੇ 250 ਦਰਜ ਕੀਤਾ ਗਿਆ, ਜੋ ਬੁਧਵਾਰ ਸ਼ਾਮ 7 ਵਜੇ 386 ਸੀ।