ਅਭਿਨੰਦਨ ਨੂੰ ਫੜਨ ਲਈ ਪਾਕਿ ਨੌਜਵਾਨਾਂ ਨੇ ਬੋਲਿਆ ਸੀ ਝੂਠ, ਕਿ ਇਹ ਭਾਰਤ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀਆਂ ਨੇ ਝੂਠ ਬੋਲ ਕੇ ਫੜਿਆ ਸੀ। ਇਹ ਖ਼ੁਲਾਸਾ ਪਾਕਿਸਤਾਨ ਦੇ ਹੀ ਇਕ ਚਸ਼ਮਦੀਦ...

Indian Aircraft

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀਆਂ ਨੇ ਝੂਠ ਬੋਲ ਕੇ ਫੜਿਆ ਸੀ। ਇਹ ਖ਼ੁਲਾਸਾ ਪਾਕਿਸਤਾਨ ਦੇ ਹੀ ਇਕ ਚਸ਼ਮਦੀਦ ਨੇ ਕੀਤਾ ਹੈ। ਪਾਕਿਸਤਾਨੀ ਅਖ਼ਬਾਰ ‘ਦ ਡਾਨ’ ਦੇ ਮੁਤਾਬਕ, ਚਸ਼ਮਦੀਦ ਨੇ ਦੱਸਿਆ ਕਿ ਭਾਰਤੀ ਪਾਇਲਟ ਨੇ ਜ਼ਮੀਨ ਉਤੇ ਡਿੱਗਦੇ ਹੀ ਪੁੱਛਿਆ ਸੀ, “ਮੈਂ ਕਿੱਥੇ ਹਾਂ?” ਇਸ ਦੌਰਾਨ ਪਾਕਿਸਤਾਨੀ ਨੌਜਵਾਨਾਂ ਨੇ ਉਨ੍ਹਾਂ ਨੂੰ ਝੂਠ ਬੋਲਦੇ ਹੋਏ ਕਿਹਾ ਕਿ ਇਹ ਭਾਰਤ ਹੈ। ਇਸ ਤੋਂ ਬਾਅਦ ਅਭਿਨੰਦਨ ਨੂੰ ਫੜ ਲਿਆ ਗਿਆ।

ਦੱਸ ਦਈਏ ਕਿ ਬੁੱਧਵਾਰ ਨੂੰ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤੀ ਏਅਰਸਪੇਸ ਵਿਚ ਦਾਖ਼ਲ ਹੋਏ ਅਤੇ ਬੰਬ ਸੁੱਟੇ। ਉਨ੍ਹਾਂ ਨੂੰ ਖਦੇੜਨ ਲਈ ਮਿਗ 21 ਉਡਾ ਰਹੇ ਵਿੰਗ ਕਮਾਂਡਰ ਅਭਿਨੰਦਨ ਨੇ ਪਿੱਛਾ ਕੀਤਾ। ਇਕ F-16 ਤਬਾਹ ਵੀ ਕਰ ਸੁੱਟਿਆ ਪਰ ਉਹ ਇਸ ਦੌਰਾਨ ਐਲਓਸੀ ਦੇ ਪਾਰ ਚਲੇ ਗਏ, ਜਿੱਥੇ ਪਾਕਿਸਤਾਨੀਆਂ ਨੇ ਉਨ੍ਹਾਂ ਦੇ ਮਿਗ 21 ’ਤੇ ਹਮਲਾ ਕਰ ਹੇਠਾਂ ਸੁੱਟਿਆ। ਐਲਓਸੀ ਤੋਂ ਲਗਭੱਗ 7 ਕਿਲੋਮੀਟਰ ਦੂਰ ਪੀਓਕੇ ਵਿਚ ਮੁਜੱਫਰਾਬਾਦ ਸਥਿਤ ਹੋਰਾ ਪਿੰਡ ਦੇ ਰਹਿਣ ਵਾਲੇ ਮੁਹੰਮਦ ਰੱਜਾਕ ਚੌਧਰੀ ਇਸ ਪੂਰੀ ਘਟਨਾ ਦੇ ਚਸ਼ਮਦੀਦ ਹਨ।

ਉਨ੍ਹਾਂ ਨੇ ਦੱਸਿਆ, “ਬੁੱਧਵਾਰ ਸਵੇਰੇ ਲਗਭੱਗ 8:45 ਵਜੇ ਮੈਂ ਧਮਾਕੇ ਦੀ ਅਵਾਜ਼ ਸੁਣੀ ਅਤੇ ਧੂੰਆਂ ਵੇਖਿਆ। ਮੈਨੂੰ ਲੱਗਾ ਕਿ ਕੁੱਤਿਆਂ ਨੂੰ ਭਜਾਉਣ ਲਈ ਇਹ ਧਮਾਕਾ ਕੀਤਾ ਗਿਆ ਹੈ। ਉਸੇ ਦੌਰਾਨ 2 ਏਅਰਕਰਾਫ਼ਟ ਵਿਚ ਅੱਗ ਲੱਗੀ ਨਜ਼ਰ  ਆਈ, ਜਿਨ੍ਹਾਂ ਵਿਚੋਂ ਇਕ ਐਲਓਸੀ ਦੇ ਕੋਲ ਡਿੱਗ ਗਿਆ। ਉਥੇ ਹੀ, ਅੱਗ ਦੀਆਂ ਲਪਟਾਂ ਨਾਲ ਘਿਰਿਆ ਦੂਜਾ ਜਹਾਜ਼ ਤੇਜ਼ੀ ਨਾਲ ਅੱਗੇ ਆ ਗਿਆ। ਇਸ ਜਹਾਜ਼ ਦਾ ਮਲਬਾ ਮੇਰੇ ਘਰ ਤੋਂ ਲਗਭੱਗ ਇਕ ਕਿਲੋਮੀਟਰ ਦੂਰ ਪੁਰਬੀ ਦਿਸ਼ਾ ਵਿਚ ਡਿੱਗਿਆ।

ਇਸ ਤੋਂ ਬਾਅਦ ਮੈਂ ਇਕ ਪੈਰਾਸ਼ੂਟ ਮੈਦਾਨ ਵਿਚ ਉਤਰਦੇ ਵੇਖਿਆ ਪਰ ਇਹ ਦੱਖਣ ਦਿਸ਼ਾ ਵੱਲ ਸੀ।” ਸਮਝਿਆ ਜਾ ਰਿਹਾ ਹੈ ਕਿ ਇਕ ਜਹਾਜ਼ ਮਿਗ 21 ਸੀ ਜਿਸ ਨੂੰ ਅਭਿਨੰਦਨ ਉਡਾ ਰਹੇ ਸਨ। ਮੁਹੰਮਦ ਰੱਜਾਕ ਦੇ ਮੁਤਾਬਕ, “ਮੈਂ ਫ਼ੋਨ ਕਰਕੇ ਮਾਮਲੇ ਦੀ ਜਾਣਕਾਰੀ ‘ਦ ਡਾਨ’ ਅਖ਼ਬਾਰ ਨੂੰ ਦਿਤੀ। ਨਾਲ ਹੀ ਪਿੰਡ ਦੇ ਨੌਜਵਾਨਾਂ ਨੂੰ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਆਉਣ ਤੱਕ ਉਹ ਜਹਾਜ਼ ਦੇ ਮਲਬੇ  ਦੇ ਕੋਲ ਨਾ ਜਾਣ। ਇਸ ਦੌਰਾਨ ਉਨ੍ਹਾਂ ਨੇ ਪਾਇਲਟ ਨੂੰ ਫੜ ਲਿਆ।”

ਰੱਜਾਕ ਨੇ ਦੱਸਿਆ, “ਪਾਇਲਟ ਨੇ ਨੌਜਵਾਨਾਂ ਤੋਂ ਪੁੱਛਿਆ ਕਿ ਮੈਂ ਕਿੱਥੇ ਹਾਂ। ਉਨ੍ਹਾਂ ਵਿਚੋਂ ਇਕ ਨੇ ਚਲਾਕੀ ਵਿਖਾਉਂਦੇ ਹੋਏ ਜਵਾਬ ਦਿਤਾ ਕਿ ਇਹ ਭਾਰਤ ਹੈ। ਇਸ ਤੋਂ ਬਾਅਦ ਪਾਇਲਟ ਅਭਿਨੰਦਨ ਜ਼ੋਰ-ਜ਼ੋਰ ਨਾਲ ਭਾਰਤ ਸਮਰਥਿਤ ਨਾਅਰੇ ਲਗਾਉਣ ਲੱਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਦੁਬਾਰਾ ਪੁੱਛਿਆ ਕਿ ਇਹ ਭਾਰਤ ਵਿਚ ਕਿਹੜੀ ਜਗ੍ਹਾ ਹੈ? ਅਜਿਹੇ ਵਿਚ ਜਵਾਬ ਮਿਲਿਆ ਕਿ ਇਹ ਕਿਲਾ ਹੈ। ਪਾਇਲਟ ਨੇ ਦੱਸਿਆ ਕਿ ਉਸ ਦੀ ਕਮਰ ਵਿਚ ਚੋਟ ਲੱਗੀ ਹੈ ਅਤੇ ਪੀਣ ਲਈ ਪਾਣੀ ਮੰਗਿਆ।

ਰੱਜਾਕ ਦੇ ਮੁਤਾਬਕ, “ਭਾਰਤ ਸਮਰਥਿਤ ਨਾਅਰੇ ਸੁਣ ਕੇ ਕੁਝ ਨੌਜਵਾਨਾਂ ਨਾਰਾਜ਼ ਹੋ ਗਏ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ। ਇਹ ਸੁਣ ਕੇ ਭਾਰਤੀ ਪਾਇਲਟ ਨੇ ਅਪਣੀ ਸਰਵਿਸ ਪਿਸਟਲ ਕੱਢ ਲਈ ਅਤੇ ਉਥੋਂ ਭੱਜਣਾ ਸ਼ੁਰੂ ਕਰ ਦਿਤਾ। ਅਜਿਹੇ ਵਿਚ ਪਾਕਿਸਤਾਨੀ ਮੁੰਡਿਆਂ ਨੇ ਉਨ੍ਹਾਂ ਉਤੇ ਪਥਰਾਅ ਕੀਤਾ ਅਤੇ ਫੜ ਲਿਆ। ਇਸ ਤੋਂ ਬਾਅਦ ਅਭਿਨੰਦਨ ਦੇ ਨਾਲ ਕੁੱਟਮਾਰ ਕੀਤੀ ਗਈ। ਫਿਰ ਪਾਕਿਸਤਾਨੀ ਫ਼ੌਜ ਦੇ ਕੁਝ ਜਵਾਨ ਆਏ ਜੋ ਅਭਿਨੰਦਨ ਨੂੰ ਅਪਣੇ ਨਾਲ ਲੈ ਗਏ।”