ਅਤਿਵਾਦ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਅਤਿਵਾਦ ਬਰਦਾਸ਼ਤ ਨਹੀਂ ਕਰਾਂਗੇ, ਜੇਕਰ ਭਾਰਤ ‘ਤੇ ਹਮਲਾ ਹੋਇਆ ਤਾਂ ਅਸੀਂ ਘਰਾਂ ਵਿਚ ਜਾ ਕੇ ਮਾਰਾਂਗੇ।

Photo

ਕੋਲਕਾਤਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਭਾਰਤ ‘ਤੇ ਹਮਲਾ ਹੋਇਆ ਤਾਂ ਅਸੀਂ ਘਰਾਂ ਵਿਚ ਜਾ ਕੇ ਮਾਰਾਂਗੇ। ਉਹਨਾਂ ਨੇ ਕਿਹਾ ਕਿ ਭਾਰਤ ‘ਤੇ ਹਮਲਾ ਕਰਨ ਵਾਲੇ ਅਪਣੀ ਮੌਤ ਤੈਅ ਕਰਕੇ ਆਉਂਦੇ ਹਨ। ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਪਹੁੰਚੇ।

ਇਹ ਗੱਲ ਸ਼ਾਹ ਨੇ ਰਾਜਾਰਹਾਟ ਵਿਖੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਦੀ ਨਵੀਂ ਇਮਾਰਤ ਦੇ ਉਦਘਾਟਨ ਦੌਰਾਨ ਕਹੀ। ਉਹਨਾਂ ਨੇ ਕਿਹਾ ਕਿ ਸਾਡੀ ਨੀਤੀ ਅਤਿਵਾਦ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕਰਨ ਦੀ ਹੈ। ਸ਼ਾਹ ਨੇ ਕਿਹਾ ਕਿ ਅਸੀਂ ਹਮੇਸ਼ਾਂ ਤੋਂ ਹੀ ਸ਼ਾਂਤੀ ਚਾਹੁੰਦੇ ਆਏ ਹਾਂ ਪਰ ਜੇਕਰ ਗੱਲ ਯੁੱਧ ਦੀ ਹੋਵੇ ਤਾਂ ਫਿਰ ਮੈਦਾਨ ਵਿਚ ਪੂਰੇ ਜਜ਼ਬੇ ਨਾਲ ਲੜਾਈ ਲੜੀ ਜਾਂਦੀ ਹੈ।

ਇਸ ਦੇ ਨਾਲ ਹੀ ਸ਼ਾਹ ਨੇ ਐਨਐਸਜੀ ਦੇ ਜਵਾਨਾਂ ਨੂੰ ਭਰੋਸਾ ਦਿੱਤਾ ਕਿ 5 ਸਾਲਾਂ ਦੇ ਅੰਦਰ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆ ਜਾਣਗੀਆਂ।ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਐਨਐਸਜੀ ਦੇ ਜਵਾਨ ਹਮੇਸ਼ਾਂ ਤੋਂ ਹੀ ਵਧੀਆ ਕੰਮ ਕਰਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ‘ਭਾਰਤੀ ਫੌਜੀਆਂ ਦੇ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਮੋਦੀ ਸਰਕਾਰ ਦੀ ਪਹਿਲ ਹੈ। ਉਹਨਾਂ ਦੀ ਭਲਾਈ, ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਲਈ ਅਸੀਂ ਹਰ ਸੰਭਵ ਕਦਮ ਚੁੱਕਾਂਗੇ’।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਯੁੱਧਿਆ ਵਿਚ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ, ਉੱਥੇ ਮੰਦਰ ਬਣਾਉਣ ਲਈ ਅਸੀਂ 500 ਸਾਲਾਂ ਤੋਂ ਲੜ ਰਹੇ ਸੀ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਨੂੰ ਤੀਰਥ ਅਸਥਾਨ ਬਣਾਉਣ ਦਾ ਐਲਾਨ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਕਾਂਗਰਸ, ਸਪਾ, ਬਸਪਾ ਅਤੇ ਮਮਤਾ ਰਾਮ ਮੰਦਰ ਦੇ ਨਿਰਮਾਣ ਵਿਚ ਇਕ ਰੁਕਾਵਟ ਸੀ।  ਤੁਸੀਂ ਮੋਦੀ ਜੀ ਨੂੰ ਤਾਕਤ ਦਿੱਤੀ ਅਤੇ ਹੁਣ ਕੁਝ ਹੀ ਮਹੀਨਿਆਂ ਵਿਚ ਅਸਮਾਨ ਨੂੰ ਛੂਹਣ ਵਾਲਾ ਰਾਮ ਮੰਦਰ ਬਣਨ ਵਾਲਾ ਹੈ।