‘ਨਫ਼ਰਤ ਅਤੇ ਫਿਰਕਿਆਂ ’ਚ ਫੁੱਟ ਫੈਲਾਉਣ ਵਾਲੇ’ ਨਿਊਜ਼ ਚੈਨਲਾਂ ’ਤੇ NBDSA ਸਖ਼ਤ, ਜਾਣੋ ਕਿਸ-ਕਿਸ ਨਿਊਜ਼ ਚੈਨਲ ਨੂੰ ਲਾਇਆ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਤਿਕਤਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪ੍ਰੋਗਰਾਮਾਂ ਨੂੰ ਵੈੱਬਸਾਈਟ ਤੋਂ ਵੀ ਹਟਾਉਣ ਦੇ ਹੁਕਮ ਦਿਤੇ

News channels

ਨਵੀਂ ਦਿੱਲੀ: ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ (ਐਨ.ਬੀ.ਡੀ.ਐਸ.ਏ.) ਨੇ ਕੁੱਝ ਟੀ.ਵੀ. ਚੈਨਲਾਂ ਨੂੰ ‘ਨਫ਼ਰਤ ਅਤੇ ਫਿਰਕਿਆਂ ’ਚ ਫੁੱਟ ਫੈਲਾਉਣ ਵਾਲੇ’ ਪ੍ਰੋਗਰਾਮ ਚਲਾਉਣ ਲਈ ਜੁਰਮਾਨਾ ਲਗਾਇਆ ਹੈ ਅਤੇ ਇਹ ਪ੍ਰੋਗਰਾਮ ਉਨ੍ਹਾਂ ਨੂੰ ਅਪਣੀ ਵੈੱਬਸਾਈਟ ਤੋਂ ਹਟਾਉਣ ਦਾ ਹੁਕਮ ਦਿਤਾ ਹੈ। ਐਨ.ਬੀ.ਡੀ.ਐਸ.ਏ. ਨੇ ਕਿਹਾ ਕਿ ਇਹ ਪ੍ਰੋਗਰਾਮ ਠੀਕ ਸੋਚ ਨਾਲ ਨਹੀਂ ਬਣਾਏ ਗਏ ਹਨ।

ਇਕ ਹੁਕਮ ਵਿਚ ਐਨ.ਬੀ.ਡੀ.ਐਸ.ਏ. ਨੇ ਭਾਰਤ ਵਿਚ ਘੱਟ ਗਿਣਤੀਆਂ ਬਾਰੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਬਿਆਨ ਨਾਲ ਜੁੜੇ ਇਕ ਪ੍ਰੋਗਰਾਮ ਲਈ ‘ਆਜ ਤਕ’ ’ਤੇ 75,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਐਨ.ਬੀ.ਡੀ.ਐਸ.ਏ. ਨੇ ਕਿਹਾ ਕਿ ਓਬਾਮਾ ਦੇ ਬਿਆਨ ਨੂੰ ਖਾਲਿਸਤਾਨੀ ਵੱਖਵਾਦੀਆਂ ਨਾਲ ਜੋੜਨਾ ਬੱਜਰ ਗਲਤ ਬਿਆਨੀ ਹੈ ਅਤੇ ਨਿਰਪੱਖਤਾ ਦੇ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ। 

ਐਨ.ਬੀ.ਡੀ.ਐਸ.ਏ. ਨੇ ਕਾਰਕੁਨ ਇੰਦਰਜੀਤ ਘੋਰਪੜੇ ਦੀਆਂ ਸ਼ਿਕਾਇਤਾਂ ਦੇ ਅਧਾਰ ’ਤੇ ‘ਲਵ ਜੇਹਾਦ’ ’ਤੇ ਅਧਾਰਤ ਨਿਊਜ਼ ਪ੍ਰੋਗਰਾਮਾਂ ਲਈ ‘ਟਾਈਮਸਨਾਉ ਨਵਭਾਰਤ’ ’ਤੇ ਇਕ ਲੱਖ ਰੁਪਏ ਅਤੇ ‘ਨਿਊਜ਼ 18 ਇੰਡੀਆ’ ’ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੱਖਣਪੰਥੀ ਕਾਰਕੁਨ ‘ਲਵ ਜੇਹਾਦ’ ਸ਼ਬਦ ਦੀ ਵਰਤੋਂ ਮੁਸਲਿਮ ਮਰਦਾਂ ’ਤੇ ਹਿੰਦੂ ਔਰਤਾਂ ਨੂੰ ਵਿਆਹ ਦਾ ਲਾਲਚ ਦੇ ਕੇ ਇਸਲਾਮ ਕਬੂਲ ਕਰਨ ਦੀ ਸਾਜ਼ਸ਼ ਰਚਣ ਦਾ ਦੋਸ਼ ਲਗਾਉਣ ਲਈ ਕਰਦੇ ਹਨ। 

ਇਸ ਤੋਂ ਇਲਾਵਾ ਐਨ.ਬੀ.ਡੀ.ਐਸ.ਏ. ਨੇ ਰਾਮ ਨੌਮੀ ਮੌਕੇ ਇਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਦੀ ਕਵਰੇਜ ਨੂੰ ਲੈ ਕੇ ‘ਆਜ ਤਕ’ ਨੂੰ ਚੇਤਾਵਨੀ ਦਿਤੀ ਹੈ। ਐਨ.ਬੀ.ਡੀ.ਐਸ.ਏ. ਦੇ ਚੇਅਰਪਰਸਨ ਜਸਟਿਸ (ਸੇਵਾਮੁਕਤ) ਏ ਕੇ ਸੀਕਰੀ ਵਲੋਂ ਜਾਰੀ ਹੁਕਮਾਂ ’ਚ ਤਿੰਨਾਂ ਚੈਨਲਾਂ ਨੂੰ ਸੱਤ ਦਿਨਾਂ ਦੇ ਅੰਦਰ ਪ੍ਰੋਗਰਾਮਾਂ ਦੇ ਆਨਲਾਈਨ ਸੰਸਕਰਣਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ। ਐਨ.ਬੀ.ਡੀ.ਐਸ.ਏ. ਨੇ ਇਕ ਬਿਆਨ ਵਿਚ ਕਿਹਾ ਕਿ ‘ਲਵ ਜੇਹਾਦ’ ਸ਼ਬਦ ਦੀ ਵਰਤੋਂ ਵਧੇਰੇ ਆਤਮ-ਨਿਰੀਖਣ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਧਾਰਮਕ ਕੱਟੜਵਾਦ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ ਅਤੇ ਦੇਸ਼ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਖਰਾਬ ਕਰ ਸਕਦਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਜਿਹੀਆਂ ਰੀਪੋਰਟਾਂ ਕਿਸੇ ਵੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਧਾਰਮਕ ਅਸਹਿਣਸ਼ੀਲਤਾ ਜਾਂ ਅਸ਼ਾਂਤੀ ਪੈਦਾ ਕਰਦੀਆਂ ਹਨ। 

ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਦੀ ਸ਼ਿਕਾਇਤ ’ਤੇ ਇਕ ਵੱਖਰਾ ਹੁਕਮ ਜਾਰੀ ਕਰਦਿਆਂ ਐਨ.ਬੀ.ਡੀ.ਐਸ.ਏ. ਨੇ ‘ਮੋਦੀ ਉਪਨਾਮ’ ਮਾਮਲੇ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਏ ਜਾਣ ਨਾਲ ਜੁੜੇ ਇਕ ਮਾਮਲੇ ਵਿਚ ਇਕ ਲੁਟੇਰੇ ਨੂੰ ਦਰਸਾਉਣ ਵਾਲਾ ਫਰਜ਼ੀ ਵੀਡੀਉ ਪ੍ਰਸਾਰਿਤ ਕਰਨ ਲਈ ‘ਆਜ ਤਕ’ ਨੂੰ ਚੇਤਾਵਨੀ ਦਿਤੀ। ਐਨ.ਬੀ.ਡੀ.ਐਸ.ਏ. ਨੇ ‘ਆਜ ਤਕ’ ਨੂੰ ਅਜਿਹੀਆਂ ਵੀਡੀਉ ਪ੍ਰਸਾਰਿਤ ਕਰਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿਤੀ ਅਤੇ ਉਸ ਨੂੰ ਹੁਕਮ ਦਿਤਾ ਕਿ ਉਹ ਗਾਂਧੀ ਦੀ ਸਜ਼ਾ ਨਾਲ ਸਬੰਧਤ ਪ੍ਰੋਗਰਾਮ ਤੋਂ ਅਪਣੀ ਵੈੱਬਸਾਈਟ ਅਤੇ ਯੂ-ਟਿਊਬ ਚੈਨਲ ਤੋਂ ਉਕਤ ਵੀਡੀਉ ਨੂੰ ਹਟਾ ਦੇਵੇ।
 

ਕੀ ਹੈ ਐਨ.ਬੀ.ਡੀ.ਐਸ.ਏ.?

ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ (ਐਨ.ਬੀ.ਡੀ.ਐਸ.ਏ.) ਨੂੰ ਪਹਿਲਾਂ ਨਿਊਜ਼ ਬ੍ਰਾਡਕਾਸਟਰਸ ਐਸੋਸੀਏਸ਼ਨ (ਐਨ.ਬੀ.ਏ.) ਵਜੋਂ ਜਾਣਿਆ ਜਾਂਦਾ ਸੀ। ਇਹ ਨਿੱਜੀ ਟੈਲੀਵਿਜ਼ਨ ਖ਼ਬਰਾਂ, ਕਰੰਟ ਅਫੇਅਰਜ਼ ਅਤੇ ਡਿਜੀਟਲ ਪ੍ਰਸਾਰਕਾਂ ਦੀ ਨੁਮਾਇੰਦਗੀ ਕਰਦਾ ਹੈ। ਇਹ ਭਾਰਤ ’ਚ ਖ਼ਬਰਾਂ, ਕਰੰਟ ਅਫੇਅਰਜ਼ ਅਤੇ ਡਿਜੀਟਲ ਪ੍ਰਸਾਰਕਾਂ ਦਾ ਪ੍ਰਤੀਨਿਧ ਹੈ। ਇਸ ਦਾ ਉਦੇਸ਼ ਖ਼ਬਰਾਂ ਦੇ ਪ੍ਰਸਾਰਣ ’ਚ ਉੱਚ ਮਿਆਰ, ਨੈਤਿਕਤਾ ਅਤੇ ਰੀਤੀ-ਰਿਵਾਜਾਂ ਦੀ ਸਥਾਪਨਾ ਕਰਨਾ ਹੈ। ਤਾਂ ਜੋ ਪ੍ਰਸਾਰਕਾਂ ਵਿਰੁਧ ਜਾਂ ਉਨ੍ਹਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਫੈਸਲਾ ਕੀਤਾ ਜਾ ਸਕੇ।