3 ਮਈ ਤੋਂ ਬਾਅਦ ਲੌਕਡਾਊਨ 'ਤੇ ਕੀ ਹੋਵੇਗੀ ਰਣਤੀਨੀ? ਪੀਐਮ ਮੋਦੀ ਨੇ ਮੰਤਰੀਆਂ ਨਾਲ ਕੀਤੀ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਸੰਕਟ ਅਤੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਹਿਮ ਬੈਠਕ ਹੋਈ।

Photo

ਨਵੀਂ ਦਿੱਲੀ: ਕੋਰੋਨਾ ਸੰਕਟ ਅਤੇ ਲੌਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਹਿਮ ਬੈਠਕ ਹੋਈ। ਬੈਠਕ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਪੀਊਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਸੀਡੀਐਮ ਜਨਰਲ ਵਿਪਨ ਰਾਵਤ ਸਮੇਤ ਕਈ ਅਫ਼ਸਰ ਮੌਜੂਦ ਰਹੇ।

ਦੱਸਿਆ ਜਾ ਰਿਹਾ ਹੈ ਕਿ ਬੈਠਕ ਵਿਚ ਲੌਕਡਾਊਨ ਦੇ ਦੂਜੇ ਪੜਾਅ ਦੀ ਸਮੀਖਿਆ ਕੀਤੀ ਗਈ। ਸੂਤਰਾਂ ਅਨੁਸਾਰ ਖ਼ਬਰ ਹੈ ਕਿ ਇਸ ਬੈਠਕ ਵਿਚ 3 ਮਈ ਤੋਂ ਬਾਅਦ ਸਰਕਾਰ ਦੀ ਰਣਨੀਤੀ ਅਤੇ 4 ਮਈ ਤੋਂ ਕੀ-ਕੀ ਛੋਟ ਦਿੱਤੀ ਜਾ ਸਕਦੀ ਹੈ? ਇਸ 'ਤੇ ਚਰਚਾ ਕੀਤੀ ਗਈ।

ਮੰਨਿਆ ਜਾ ਰਿਹਾ ਹੈ ਕਿ ਅਗਲੇ ਇਕ ਦੋ ਦਿਨ ਵਿਚ ਗ੍ਰਹਿ ਮੰਤਰਾਲੇ ਨਵੀਂ ਗਾਈਡਲਾਈਨ ਜਾਰੀ ਕਰ ਸਕਦਾ ਹੈ, ਜਿਸ ਵਿਚ ਕਿਸ ਜ਼ੋਨ ਨੂੰ ਕੀ ਛੋਟ ਦਿੱਤੀ ਜਾਵੇਗੀ? ਇਸ ਦਾ ਬਿਓਰਾ ਹੋਵੇਗਾ। ਜ਼ਿਕਰਯੋਗ ਹੈ ਕਿ ਲੌਕਡਾਊਨ ਦਾ ਦੂਜਾ ਪੜਾਅ 3 ਮਈ ਨੂੰ ਖਤਮ ਹੋ ਰਿਹਾ ਹੈ ਅਤੇ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 35000 ਤੋਂ ਪਾਰ ਚਲੀ ਗਈ ਹੈ।

ਅਜਿਹੇ ਵਿਚ ਸਰਕਾਰ ਸਾਹਮਣੇ ਵੱਡੀ ਚੁਣੌਤੀ ਹੈ। ਕੇਂਦਰੀ ਮੰਤਰੀਆਂ ਅਤੇ ਅਫਸਰਾਂ ਦੇ ਨਾਲ ਬੈਠਕ ਤੋਂ ਪਹਿਲਾਂ ਪੀਐਮ ਮੋਦੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ। ਕੋਰੋਨਾ ਨਾਲ ਨਜਿੱਠਣ ਲਈ ਰਣਤੀਨੀ ਵਿਚ ਥੋੜਾ ਬਦਲਾਅ ਕੀਤਾ ਗਿਆ ਹੈ। ਲੌਕਡਾਊਨ ਦਾ ਲਾਕ ਖੋਲ਼੍ਹਣ ਲਈ ਪੂਰੇ ਦੇਸ਼ ਨੂੰ ਪਹਿਲਾਂ ਹੀ ਤਿੰਨ ਜ਼ੋਨ ਵਿਚ ਵੰਡਿਆ ਜਾ ਚੁੱਕਾ ਹੈ ਪਰ ਹੁਣ ਜ਼ੋਨ ਦੇ ਪੱਧਰ ਬਦਲ ਗਏ ਹਨ।

ਸਿਹਤ ਮੰਤਰਾਲੇ ਨੇ 3 ਮਈ ਤੋਂ ਬਾਅਦ ਕਿਹੜੇ ਸੂਬੇ ਕਿਸ ਜ਼ੋਨ ਅਧੀਨ ਆਉਂਦੇ ਹਨ, ਇਸ ਦੀ ਸੂਚੀ ਨਵੇਂ ਪੱਧਰ 'ਤੇ ਜਾਰੀ ਕੀਤੀ ਹੈ। ਸਿਹਤ ਮੰਤਰਾਲੇ ਨੇ ਲੌਕਡਾਊਨ ਖਤਮ ਹੋਣ ਦੀ ਤਰੀਕ 3 ਮਈ ਤੋਂ ਬਾਅਦ ਦੀ ਲਿਸਟ ਲਈ 130 ਜ਼ਿਲ੍ਹੇ ਰੈੱਡ ਜ਼ੋਨ, 284 ਜ਼ਿਲ੍ਹੇ ਓਰੇਜ਼ ਜ਼ੋਨ ਅਤੇ 319 ਜ਼ਿਲ੍ਹੇ ਗ੍ਰੀਨ ਜ਼ੋਨ ਵਿਚ ਸ਼ਾਮਿਲ ਕੀਤੇ ਹਨ।

ਦੇਸ਼ ਦੇ ਮੈਟਰੋ ਸ਼ਹਿਰ ਰੈੱਡ ਜ਼ੋਨ ਵਿਚ ਹੀ ਰਹਿਣਗੇ, ਜਿੱਥੇ ਕੋਰੋਨਾ ਵਾਇਰਸ ਜ਼ਿਆਦਾ ਫੈਲਣ ਦਾ ਖਤਰਾ ਹੈ। ਗ੍ਰੀਨ ਜ਼ੋਨ ਯਾਨੀ ਉਹ ਜ਼ੋਨ ਜਿੱਥੇ 21 ਦਿਨ ਤੋਂ ਕੋਈ ਮਾਮਲਾ ਨਹੀਂ ਆਇਆ ਹੈ। ਪਹਿਲਾਂ ਗ੍ਰੀਨ ਜ਼ੋਨ ਉਹ ਸੀ ਜਿੱਥੇ 28 ਦਿਨ ਤੋਂ ਕੋਰੋਨਾ ਦਾ ਕੋਈ ਮਾਮਲਾ ਨਹੀਂ ਆਇਆ ਸੀ। ਇਸ ਦਾ ਨਤੀਜਾ ਇਹ ਹੋਵੇਗਾ ਕਿ ਹੁਣ ਗ੍ਰੀਨ ਜ਼ੋਨ ਵਿਚ ਜ਼ਿਆਦਾ ਜ਼ਿਲ੍ਹੇ ਹੋਣਗੇ।