ਕੈਥਲ ਦੇ ਗੁਰੂ ਘਰ 'ਚ ਬੇਅਦਬੀ ਕਰਨ ਵਾਲੇ ਵਿਰੁਧ ਮਾਮਲਾ ਦਰਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਤੜਕਸਾਰ ਸੰਗਤ ਦੀ ਮੌਜੂਦਗੀ 'ਚ ਬੇਅਦਬੀ ਕਰਨ ਦਾ ਇਲਜ਼ਾਮ

Representational Image

ਕੈਥਲ : ਇਥੋਂ ਦੇ ਪਿੰਡ ਜਨੇਦਪੁਰ ਵਿਖੇ ਗੁਰੂ ਘਰ ਅੰਦਰ ਵੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਇਕ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਘਟਨਾ 30 ਅਪ੍ਰੈਲ ਤੜਕੇ ਕਰੀਬ 4 ਵਜੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਸਮੇਂ ਗੁਰੂ ਘਰ ਵਿਚ ਸੰਗਤ ਵੀ ਮੌਜੂਦ ਸੀ ਅਤੇ ਉਥੇ ਸੰਗਤ ਰੂਪੀ ਆਏ ਇਕ ਵਿਅਕਤੀ ਨੇ ਹੀ ਬੇਅਦਬੀ ਕੀਤੀ।

ਸ਼ਿਕਾਇਤਕਰਤਾ ਸਤਨਾਮ ਸਿੰਘ ਵਾਸੀ ਜਨੇਦਪੁਰ ਨੇ ਇਸ ਸਬੰਧੀ ਸੀਵਨ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਵਲੋਂ ਦਿਤੇ ਬਿਆਨ ਅਨੁਸਾਰ ਇਹ ਗੁਰੂ ਘਰ ਪਹਾੜਪੁਰ ਅਤੇ ਜਨੇਦਪੁਰ ਪਿੰਡ ਦੇ ਨਜ਼ਦੀਕ ਹੈ। ਬੇਅਦਬੀ ਕਰਨ ਵਾਲੇ ਦੀ ਪਛਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ।

ਉਨ੍ਹਾਂ ਇਲਜ਼ਾਮ ਲਗਾਇਆ ਕਿ ਮੁਖਤਿਆਰ ਸਿੰਘ ਨੇ ਸਾਜ਼ਿਸ਼ ਤਹਿਤ ਗੁਰੂ ਘਰ ਵਿਚ ਆ ਕੇ ਭੋਗ ਲਈ ਰੱਖੇ ਪ੍ਰਸਾਦ ਨੂੰ ਭੋਗ ਲੱਗਣ ਤੋਂ ਪਹਿਲਾਂ ਹੀ ਚੁੱਕ ਲਿਆ। ਅਜਿਹਾ ਕਰ ਕੇ ਉਸ ਨੇ ਬੇਅਦਬੀ ਕੀਤੀ ਹੈ। ਬਿਆਨ ਦੇ ਅਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।