ਭਾਰਤ 'ਚ 59 ਐਪਸ 'ਤੇ ਪਾਬੰਦੀ ਤੋਂ ਬਾਅਦ ਚੀਨ ਲਈ ਅਮਰੀਕਾ ਤੋਂ ਵੀ ਆਈ ਮਾੜੀ ਖ਼ਬਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਵਿਚ ਵੀ ਟਿੱਕ-ਟੌਕ 'ਤੇ ਪਾਬੰਦੀ ਦੀ ਮੰਗ ਜ਼ੋਰ ਫੜਣ ਲੱਗੀ

Chinese apps

ਨਵੀਂ ਦਿੱਲੀ : ਭਾਰਤ ਸਰਕਾਰ ਨੇ ਲੱਦਾਖ 'ਚ ਲਾਈਨ ਆਫ਼ ਕੰਟਰੋਲ 'ਤੇ ਚੀਨ ਨਾਲ ਜਾਰੀ ਵਿਵਾਦ ਦਰਮਿਆਨ ਚੀਨ ਦੇ ਟਿੱਕ-ਟੌਕ ਸਮੇਤ 59 ਐਪਸ 'ਤੇ ਪਾਬੰਦੀ ਲਗਾ ਕੇ ਚੀਨ ਨੂੰ ਵੱਡਾ ਝਟਕਾ ਦਿਤਾ ਹੈ। ਇਸੇ ਦਰਮਿਆਨ ਚੀਨ ਲਈ ਅਮਰੀਕਾ ਤੋਂ ਵੀ ਮਾੜੀ ਖ਼ਬਰ ਆ ਗਈ ਹੈ। ਭਾਰਤ ਦੀ ਤਰਜ਼ 'ਤੇ ਅਮਰੀਕਾ ਵਿਚ ਵੀ ਵੀਡੀਓ ਅਤੇ ਸ਼ੇਇਰਿੰਗ ਐਪਸ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਜਾਣ ਲੱਗਾ ਹੈ।

ਅਮਰੀਕਾ ਵਿਚ ਵੀ ਭਾਰਤ ਦੀ ਤਰਜ਼ 'ਤੇ ਚੀਨੀ ਐਪਸ ਖਿਲਾਫ਼ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਭਾਰਤ ਨੇ ਚੀਨ  ਦੇ 59 ਐਪ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਉਹ ਦੇਸ਼ ਦੀ ਸੰਪ੍ਰਭੁਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਸਨ।

ਭਾਰਤ ਦੇ ਇਸ ਕਦਮ ਦਾ ਜ਼ਿਕਰ ਕਰਦਿਆਂ ਰਿਪਬਲਿਕਨ ਸੀਨੇਟਰ ਜਾਨ ਕਾਰਨਿਨ ਨੇ ਕਿਹਾ ਕਿ ਭਾਰਤ ਅਤੇ ਚੀਨ  ਦੇ ਟਕਰਾਓ ਦਰਮਿਆਨ ਭਾਰਤ ਸਰਕਾਰ ਨੇ ਟਿੱਕ ਟੌਕ ਸਮੇਤ ਦਰਜਨਾਂ ਚੀਨੀ ਐਪਸ 'ਤੇ ਪਾਬੰਦੀ ਲਗਾ ਦਿਤੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬਰਾਇਨ ਨੇ ਵੀ ਦੋਸ਼ ਲਾਇਆ ਸੀ ਕਿ ਚੀਨ ਸਰਕਾਰ ਅਪਣੇ ਖੁਦ ਦੇ ਪ੍ਰਯੋਜਨਾਂ ਲਈ ਟਿੱਕ ਟੌਕ ਦੀ ਵਰਤੋਂ ਕਰ ਰਹੀ ਹੈ।

ਅਮਰੀਕੀ ਕਾਂਗਰਸ ਵਿਚ ਘੱਟ ਤੋਂ ਘੱਟ ਦੋ ਬਿਲ ਸੰਘੀ ਸਰਕਾਰ ਦੇ ਅਧਿਕਾਰੀਆਂ ਨੂੰ ਅਪਣੇ ਸੇਲ ਫ਼ੋਨ 'ਤੇ ਟਿਕ ਟਾਕ ਦੀ ਵਰਤੋਂ ਕਰਨ ਤੋਂ ਵਰਜਣ ਸਬੰਧੀ ਲੰਬਿਤ ਹਨ। ਇਸੇ ਤੋਂ ਜਾਪਦਾ ਹੈ ਕਿ ਭਾਰਤ ਵਿਚ ਇਨ੍ਹਾਂ ਐਪਾਂ 'ਤੇ ਪਾਬੰਦੀ ਤੋਂ ਬਾਅਦ ਅਮਰੀਕਾ ਵਿਚ ਵੀ ਇਹ ਮੰਗ ਜ਼ੋਰ ਫੜ੍ਹ ਸਕਦੀ ਹੈ।

ਉਥੇ ਹੀ ਵਪਾਰ ਅਤੇ ਵਿਨਿਰਮਾਣ ਨੀਤੀ ਲਈ ਅਮਰੀਕੀ ਰਾਸ਼ਟਰਪਤੀ ਦੇ ਸਹਾਇਕ ਪੀਟਰ ਨਵਾਰਾ ਨੇ ਟਵੀਟ ਕਰਦਿਆਂ ਕਿਹਾ ਕੀ ਇਹ ਉਹੀ ਚੀਨੀ ਟਿਕ ਟੌਕ ਹੈ,  ਜਿਸਦਾ ਇਸਤੇਮਾਲ ਤੁਲਸਾ ਰੈਲੀ ਦੌਰਾਨ ਕੀਤਾ ਗਿਆ ਸੀ। ਪੀਟਰ ਨਵਾਰਾ ਨੇ ਦ ਨਿਊਯਾਰਕ ਟਾਈਮਜ਼ ਤੋਂ ਭਾਰਤ ਦੇ ਪਾਬੰਦੀ ਸਬੰਧੀ ਫ਼ੈਸਲੇ ਦੀ ਇਕ ਸਮਾਚਾਰ ਰਿਪੋਰਟ ਨੂੰ ਟੈਗ ਕੀਤਾ। ਉਥੇ ਹੀ ਫਾਕਸ ਨਿਊਜ਼ ਦੀ ਐਂਕਰ ਲਾਰਾ ਇੰਗਰਾਹਮ ਨੇ ਅਮਰੀਕਾ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।