ਭਾਰਤ, ਚੀਨ ਦੀਆਂ ਫ਼ੌਜਾਂ ਵਲੋਂ ਸਰਹੱਦ ਉਤੇ ਤਣਾਅ ਘਟਾਉਣ 'ਤੇ ਜ਼ੋਰ

ਏਜੰਸੀ

ਖ਼ਬਰਾਂ, ਰਾਸ਼ਟਰੀ

12 ਘੰਟੇ ਚੱਲੀ ਕਮਾਂਡਰ ਪਧਰੀ ਗੱਲਬਾਤ

India China

ਨਵੀਂ ਦਿੱਲੀ : ਭਾਰਤ ਅਤੇ ਚੀਨ ਦੀਆਂ ਫ਼ੌਜਾਂ ਨੇ ਮੰਗਲਵਾਰ ਨੂੰ ਲਗਭਗ 12 ਘੰਟਿਆਂ ਦੀ ਕਮਾਂਡਰ ਪਧਰੀ ਗੱਲਬਾਤ ਵਿਚ ਤਰਜੀਹ ਨਾਲ ਛੇਤੀ, ਪੜਾਅਵਾਰ ਢੰਗ ਨਾਲ ਤਣਾਅ ਘਟਾਉਣ 'ਤੇ ਜ਼ੋਰ ਦਿਤਾ। ਫ਼ੌਜੀ ਸੂਤਰਾਂ ਨੇ ਦਸਿਆ ਕਿ ਪੂਰਬੀ ਲਦਾਖ਼ ਵਿਚ ਸੱਤ ਹਫ਼ਤਿਆਂ ਤੋਂ ਦੋਹਾਂ ਫ਼ੌਜਾਂ ਵਿਚਾਲੇ ਵਧੇ ਤਣਾਅ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਹੈ।

ਸੂਤਰਾਂ ਨੇ ਦਸਿਆ ਕਿ ਬੈਠਕ ਵਿਚ ਹੋਈ ਚਰਚਾ ਤੋਂ ਪ੍ਰਤੀਤ ਹੁੰਦਾ ਹੈ ਕਿ ਅਸਲ ਕੰਟਰੋਲ ਰੇਖਾ 'ਤੇ ਤਣਾਅ ਘਟਾਉਣ ਲਈ ਦੋਵੇਂ ਧਿਰਾਂ ਪ੍ਰਤੀਬੱਧ ਹਨ। ਆਪਸੀ ਸਹਿਮਤੀ ਢੁਕਵੇਂ ਹੱਲ 'ਤੇ ਪਹੁੰਚਣ ਲਈ ਫ਼ੌਜੀ, ਕੂਟਨੀਤਕ ਪੱਧਰ 'ਤੇ ਹੋਰ ਬੈਠਕ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਅਸਲ ਕੰਟਰੋਲ ਰੇਖਾ 'ਤੇ ਪਿੱਛੇ ਹਟਣ ਦੀ ਕਵਾਇਦ ਔਖੀ ਹੈ ਅਤੇ ਇਸ ਸਬੰਧ ਵਿਚ ਕਿਆਸ ਆਧਾਰਤ, ਬਿਨਾਂ ਪ੍ਰਮਾਣ ਵਾਲੀ ਰੀਪੋਰਟ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਸੂਤਰਾਂ ਮੁਤਾਬਕ ਪੂਰਬੀ ਲਦਾਖ਼ ਦੇ ਚੁਸ਼ੂਲ ਸੈਕਟਰ ਵਿਚ ਐਲਏਸੀ ਦੇ ਭਾਰਤੀ ਹਿੱਸੇ ਵਿਚ ਇਹ ਗੱਲਬਾਤ ਹੋਈ। ਬੈਠਕ ਦਿਨ ਵਿਚ 11 ਵਜੇ ਸ਼ੁਰੂ ਹੋਈ ਅਤੇ ਲਗਭਗ 12 ਘੰਟਿਆਂ ਤਕ ਚੱਲੀ। ਸੂਤਰਾਂ ਨੇ ਦਸਿਆ ਕਿ ਬੈਠਕ ਲੰਮੀ ਚੱਲੀ, ਕੋਵਿਡ-19 ਦੇ ਪ੍ਰੋਟੋਕਾਲ ਕਾਰਨ ਬਿਨਾਂ ਸਮਾਂ ਗਵਾਏ ਅਸਰਦਾਰ ਤਰੀਕੇ ਨਾਲ ਬੈਠਕ ਹੋਈ। ਗੱਲਬਾਤ ਐਲਏਸੀ 'ਤੇ ਤਣਾਅ ਘਟਾਉਣ ਲਈ ਦੋਹਾਂ ਧਿਰਾਂ ਦੀ ਪ੍ਰਤੀਬੱਧਤਾ ਨੂੰ ਵਿਖਾਉਂਦੀ ਹੈ।

ਸੂਤਰਾਂ ਨੇ ਦਸਿਆ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਅਹੁਦਾ ਵਾਂਗ ਯੀ ਵਿਚਾਲੇ 17 ਜੂਨ ਨੂੰ ਬਣੀ ਸਹਿਮਤੀ ਦੇ ਆਧਾਰ 'ਤੇ ਇਹ ਫ਼ੈਸਲਾ ਹੋਇਆ ਹੈ। ਗੱਲਬਾਤ ਵਿਚ ਜ਼ਿੰਮੇਵਾਰ ਤਰੀਕੇ ਨਾਲ ਹਾਲਾਤ ਨਾਲ ਸਿੱਝਣ ਬਾਰੇ ਸਹਿਮਤੀ ਬਣੀ ਸੀ।

ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦਕਿ ਚੀਨ ਦੇ ਵਫ਼ਦ ਦੀ ਅਗਵਾਈ ਤਿੱਬਤ ਫ਼ੌਜੀ ਜ਼ਿਲ੍ਹੇ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਇਸ ਤੋਂ ਪਹਿਲਾਂ ਦੋ ਗੇੜਾਂ ਦੀਆਂ ਬੈਠਕਾਂ ਵਿਚ ਭਾਰਤੀ ਧਿਰ ਨੇ ਖੇਤਰ ਵਿਚ ਵੱਖ ਵੱਖ ਥਾਵਾਂ ਤੋਂ ਤੁਰਤ ਚੀਨੀ ਫ਼ੌਜੀਆਂ ਦੇ ਹਟਣ ਦੀ ਮੰਗ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।