ਲਦਾਖ਼ ਰੇੜਕਾ : ਭਾਰਤ ਅਤੇ ਚੀਨ ਵਿਚਾਲੇ ਲੈਫ਼ਟੀਨੈਂਟ ਜਨਰਲ ਪੱਧਰ ਦੀ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤੀ ਜ਼ਮੀਨ 'ਤੇ ਹੋਈਆਂ ਵਿਚਾਰਾਂ

Indian Army

ਨਵੀਂ ਦਿੱਲੀ : ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਮੰਗਲਵਾਰ ਨੂੰ ਲੈਫ਼ਟੀਨੈਂਟ ਜਨਰਲ ਪੱਧਰ 'ਤੇ ਤੀਜੇ ਦੌਰ ਦੀ ਗੱਲਬਾਤ ਹੋਈ ਜਿਸ ਦੇ ਕੇਂਦਰ ਵਿਚ ਪੂਰਬੀ ਲਦਾਖ਼ ਦੇ ਟਕਰਾਅ ਵਾਲੇ ਖੇਤਰਾਂ ਤੋਂ ਫ਼ੌਜੀਆਂ ਨੂੰ ਪਿੱਛੇ ਕਰਨ ਦੇ ਤੌਰ-ਤਰੀਕਿਆਂ ਨੂੰ ਆਖ਼ਰੀ ਰੂਪ ਦੇਣਾ ਸੀ।

ਸਰਕਾਰੀ ਸੂਤਰਾਂ ਨੇ ਦਸਿਆ ਕਿ ਗੱਲਬਾਤ ਲਦਾਖ਼ ਵਿਚ ਅਸਲ ਕੰਟਰੋਲ ਰੇਖਾ ਲਾਗੇ ਚੁਸ਼ੂਲ ਸੈਕਟਰ ਵਿਚ ਭਾਰਤੀ ਜ਼ਮੀਨ 'ਤੇ ਹੋਈ। ਪਹਿਲੇ ਦੋ ਗੇੜਾਂ ਦੀ ਗੱਲਬਾਤ ਵਿਚ ਭਾਰਤੀ ਧਿਰ ਨੇ ਜਿਉਂ ਦੀ ਤਿਉਂ ਸਥਿਤੀ ਦੀ ਬਹਾਲੀ ਅਤੇ ਗਲਵਾਨ ਘਾਟੀ, ਪੈਂਗੋਂਗ ਸੋ ਅਤੇ ਹੋਰ ਖੇਤਰਾਂ ਤੋਂ ਚੀਨੀ ਫ਼ੌਜੀਆਂ ਦੀ ਫ਼ੌਰੀ ਵਾਪਸੀ 'ਤੇ ਜ਼ੋਰ ਦਿਤਾ ਸੀ।

ਪੂਰਬੀ ਲਦਾਖ਼ ਵਿਚ ਕਈ ਥਾਵਾਂ 'ਤੇ ਪਿਛਲੇ ਸੱਤ ਹਫ਼ਤਿਆਂ ਤੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਆਹਮੋ ਸਾਹਮਣੇ ਹਨ। ਗਲਵਾਨ ਘਾਟੀ ਵਿਚ 15 ਜੂਨ ਨੂੰ ਹੋਏ ਸੰਘਰਸ਼ ਵਿਚ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋ ਜਾਣ ਮਗਰੋਂ ਤਣਾਅ ਹੋਰ ਵੱਧ ਗਿਆ ਹੈ।

ਚੀਨੀ ਧਿਰ ਦੇ ਜਵਾਨ ਵੀ ਮਾਰੇ ਗਏ ਹਨ, ਪਰ ਇਸ ਬਾਬਤ ਹਾਲੇ ਤਕ ਕੋਈ ਜਾਣਕਾਰੀ ਨਹੀਂ ਦਿਤੀ ਗਈ। ਦੋਹਾਂ ਧਿਰਾਂ ਵਿਚਾਲੇ 22 ਜੂਨ ਨੂੰ ਹੋਈ ਗੱਲਬਾਤ ਵਿਚ ਪੂਰਬੀ ਲਦਾਖ਼ ਦੇ ਤਣਾਅ ਵਾਲੇ ਸਾਰੇ ਖੇਤਰਾਂ 'ਤੇ 'ਪਿੱਛੇ ਹਟਣ' ਸਬੰਧੀ ਦੁਵੱਲੀ ਸਹਿਮਤੀ ਬਣੀ ਸੀ।

ਪਹਿਲੇ ਦੋ ਗੇੜਾਂ ਦੀ ਗੱਲਬਾਤ ਕੰਟਰੋਲ ਰੇਖਾ ਲਾਗੇ ਚੀਨੀ ਜ਼ਮੀਨ 'ਤੇ ਮੋਲਦੋ ਵਿਚ ਹੋਈ ਸੀ। ਗੱਲਬਾਤ ਵਿਚ ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਜਨਰਲ ਹਰਿੰਦਰ ਸਿੰਘ ਨੇ ਕੀਤੀ

ਜਦਕਿ ਚੀਨੀ ਧਿਰ ਦੀ ਅਗਵਾਈ ਤਿੱਬਤ ਫ਼ੌਜੀ ਜ਼ਿਲ੍ਹੇ ਦੇ ਮੇਜਰ ਜਨਰਲ ਲਿਊ ਲਿਨ ਨੇ ਕੀਤੀ। ਗਲਵਾਨ ਘਾਟੀ ਵਿਚ ਵਾਪਰੀ ਹਿੰਸਕ ਘਟਨਾ ਮਗਰੋਂ ਸਰਕਾਰ ਨੇ ਹਥਿਆਰਬੰਦ ਫ਼ੌਜਾਂ ਨੂੰ ਐਲਏਸੀ ਲਾਗੇ ਚੀਨ ਦੀ ਕਿਸੇ ਵੀ ਹਰਕਤ ਦਾ ਮੂੰਹਤੋੜ ਜਵਾਬ ਦੇਣ ਦੀ ਪੂਰੀ ਖੁਲ੍ਹ ਦੇ ਦਿਤੀ ਹੈ।

ਫ਼ੌਜ ਨੇ ਪਿਛਲੇ ਦੋ ਹਫ਼ਤਿਆਂ ਵਿਚ ਸਰਹੱਦ ਲਾਗੇ ਅਗਲੀਆਂ ਚੌਕੀਆਂ 'ਤੇ ਹਜ਼ਾਰਾਂ ਵਾਧੂ ਫ਼ੌਜੀ ਭੇਜੇ ਹਨ। ਹਵਾਈ ਫ਼ੌਜ ਨੇ ਵੀ ਅਹਿਮ ਹਵਾਈ  ਸੇਵਾ ਅੱਡਿਆਂ 'ਤੇ ਹਵਾਈ ਰਖਿਆ ਪ੍ਰਣਾਲੀਆਂ, ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਤਿਆਰ ਰੱਖੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ