ਭਾਰਤ ’ਚ ਜੁਲਾਈ ਦੌਰਾਨ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ : ਮੌਸਮ ਵਿਭਾਗ
ਜੂਨ ਦਾ ਮਹੀਨਾ ਉੱਤਰ-ਪਛਮੀ ਭਾਰਤ ’ਚ 1901 ਤੋਂ ਬਾਅਦ ਸੱਭ ਤੋਂ ਗਰਮ ਰਿਹਾ ਅਤੇ ਔਸਤ ਤਾਪਮਾਨ 31.73 ਡਿਗਰੀ ਸੈਲਸੀਅਸ ਰਿਹਾ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸੋਮਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਖੇਤਰ ਦੇ ਕੁੱਝ ਹਿੱਸਿਆਂ ਨੂੰ ਛੱਡ ਕੇ ਜੁਲਾਈ ’ਚ ਦੇਸ਼ ’ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਆਈ.ਐਮ.ਡੀ. ਮੁਖੀ ਮ੍ਰਿਤਊਂਜੈ ਮਹਾਪਾਤਰਾ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪੂਰੇ ਦੇਸ਼ ’ਚ ਜੁਲਾਈ ’ਚ ਔਸਤ ਮੀਂਹ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ, ਜੋ ਲੰਬੀ ਮਿਆਦ ਦੇ ਔਸਤ (ਐਲ.ਪੀ.ਏ.) 28.04 ਸੈਂਟੀਮੀਟਰ ਤੋਂ 106 ਫ਼ੀ ਸਦੀ ਵੱਧ ਹੈ।
ਉਨ੍ਹਾਂ ਕਿਹਾ, ‘‘ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਅਤੇ ਉੱਤਰ-ਪਛਮੀ ਪੂਰਬੀ ਅਤੇ ਦੱਖਣ-ਪੂਰਬੀ ਪ੍ਰਾਇਦੀਪ ਭਾਰਤ ਦੇ ਕੁੱਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।’’ ਆਈ.ਐਮ.ਡੀ. ਨੇ ਕਿਹਾ ਕਿ ਪਛਮੀ ਤੱਟ ਨੂੰ ਛੱਡ ਕੇ ਉੱਤਰ-ਪਛਮੀ ਭਾਰਤ ਅਤੇ ਦਖਣੀ ਪ੍ਰਾਇਦੀਪ ਭਾਰਤ ਦੇ ਕਈ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ, ‘‘ਮੱਧ ਭਾਰਤ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਅਤੇ ਪਛਮੀ ਤੱਟ ਦੇ ਕਈ ਹਿੱਸਿਆਂ ’ਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।’’ ਆਈ.ਐਮ.ਡੀ. ਨੇ ਕਿਹਾ, ‘‘ਮੱਧ ਭਾਰਤ ਦੇ ਉੱਤਰ-ਪਛਮੀ ਅਤੇ ਨਾਲ ਲਗਦੇ ਇਲਾਕਿਆਂ ਦੇ ਕੁੱਝ ਹਿੱਸਿਆਂ ਅਤੇ ਦੱਖਣ-ਪੂਰਬੀ ਪ੍ਰਾਇਦੀਪ ਭਾਰਤ ਦੇ ਕੁੱਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਕਈ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਜੁਲਾਈ ’ਚ ਮਾਨਸੂਨ ਦੌਰਾਨ ਚੰਗਾ ਮੀਂਹ ਪੈਣ ਦੀ ਉਮੀਦ ਕਰ ਰਹੇ ਹਾਂ।’’ ਆਈ.ਐਮ.ਡੀ. ਨੇ ਕਿਹਾ ਕਿ ਜੂਨ ਦਾ ਮਹੀਨਾ ਉੱਤਰ-ਪਛਮੀ ਭਾਰਤ ’ਚ 1901 ਤੋਂ ਬਾਅਦ ਸੱਭ ਤੋਂ ਗਰਮ ਰਿਹਾ ਅਤੇ ਔਸਤ ਤਾਪਮਾਨ 31.73 ਡਿਗਰੀ ਸੈਲਸੀਅਸ ਰਿਹਾ। ਆਈ.ਐਮ.ਡੀ. ਦੇ ਅੰਕੜਿਆਂ ਅਨੁਸਾਰ, ਖੇਤਰ ’ਚ ਮਹੀਨਾਵਾਰ ਔਸਤ ਵੱਧ ਤੋਂ ਵੱਧ ਤਾਪਮਾਨ 38.02 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 1.96 ਡਿਗਰੀ ਸੈਲਸੀਅਸ ਵੱਧ ਹੈ। ਘੱਟੋ-ਘੱਟ ਤਾਪਮਾਨ 25.44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.35 ਡਿਗਰੀ ਵੱਧ ਹੈ।
ਆਈ.ਐਮ.ਡੀ. ਮੁਖੀ ਨੇ ਕਿਹਾ ਕਿ ਉੱਤਰ-ਪਛਮੀ ਭਾਰਤ ’ਚ ਜੂਨ ’ਚ ਔਸਤ ਤਾਪਮਾਨ 31.73 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 1.65 ਡਿਗਰੀ ਸੈਲਸੀਅਸ ਵੱਧ ਹੈ ਅਤੇ 1901 ਤੋਂ ਬਾਅਦ ਸੱਭ ਤੋਂ ਵੱਧ ਹੈ।
ਜੂਨ ’ਚ ਆਮ ਨਾਲੋਂ ਘੱਟ ਮੀਂਹ ਪਿਆ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਦੇ ਤਾਜ਼ਾ ਅੰਕੜਿਆਂ ਮੁਤਾਬਕ ਜੂਨ ’ਚ ਭਾਰਤ ’ਚ ਆਮ ਨਾਲੋਂ 11 ਫੀ ਸਦੀ ਘੱਟ ਮੀਂਹ ਪਿਆ। ਇਸ ਤਰ੍ਹਾਂ ਜੂਨ ਮਹੀਨੇ ’ਚ ਪਿਛਲੇ ਪੰਜ ਸਾਲਾਂ ’ਚ ਸੱਭ ਤੋਂ ਘੱਟ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਆਈ.ਐਮ.ਡੀ. ਦੇ ਅੰਕੜਿਆਂ ਅਨੁਸਾਰ, ਦੇਸ਼ ’ਚ ਜੂਨ ’ਚ 147.2 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਮੀਂਹ 165.3 ਮਿਲੀਮੀਟਰ ਹੁੰਦਾ ਹੈ। ਇਹ 2001 ਤੋਂ ਬਾਅਦ ਸੱਤਵਾਂ ਸੱਭ ਤੋਂ ਘੱਟ ਮੀਂਹ ਵਾਲਾ ਮਹੀਨਾ ਹੈ।
ਦੇਸ਼ ’ਚ ਚਾਰ ਮਹੀਨਿਆਂ ਦੇ ਮਾਨਸੂਨ ਦੌਰਾਨ ਕੁਲ ਔਸਤਨ 87 ਸੈਂਟੀਮੀਟਰ ਮੀਂਹ ਪੈਂਦਾ ਹੈ, ਜਿਸ ’ਚੋਂ ਜੂਨ ਦਾ ਮੀਂਹ 15 ਫ਼ੀ ਸਦੀ ਹੁੰਦੀ ਹੈ। 30 ਮਈ ਨੂੰ ਕੇਰਲ ਅਤੇ ਉੱਤਰ-ਪੂਰਬੀ ਖੇਤਰ ਪਹੁੰਚਣ ਅਤੇ ਆਮ ਤੌਰ ’ਤੇ ਮਹਾਰਾਸ਼ਟਰ ਵਲ ਵਧਣ ਤੋਂ ਬਾਅਦ, ਮਾਨਸੂਨ ਨੇ ਗਤੀ ਗੁਆ ਦਿਤੀ, ਜਿਸ ਨਾਲ ਪਛਮੀ ਬੰਗਾਲ, ਓਡੀਸ਼ਾ, ਝਾਰਖੰਡ, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ’ਚ ਦੀ ਉਡੀਕ ਵਧ ਗਈ ਅਤੇ ਗੰਭੀਰ ਲੂ ਦੇ ਅਸਰ ਨਾਲ ਉੱਤਰ-ਪਛਮੀ ਭਾਰਤ ਪ੍ਰਭਾਵਤ ਹੋਇਆ।
ਦੇਸ਼ ’ਚ 11 ਜੂਨ ਤੋਂ 27 ਜੂਨ ਤਕ 16 ਦਿਨਾਂ ਤਕ ਆਮ ਨਾਲੋਂ ਘੱਟ ਮੀਂਹ ਪਿਆ। ਇਸ ਕਾਰਨ ਕੁਲ ਮਿਲਾ ਕੇ ਮੀਂਹ ਆਮ ਨਾਲੋਂ ਘੱਟ ਰਿਹਾ। ਆਈ.ਐਮ.ਡੀ. ਨੇ ਕਿਹਾ ਕਿ ਉੱਤਰ-ਪਛਮੀ ਭਾਰਤ ’ਚ 33 ਫ਼ੀ ਸਦੀ ਘੱਟ ਮੀਂਹ ਦਰਜ ਕੀਤਾ ਗਿਆ। ਮੱਧ ਭਾਰਤ ’ਚ 14 ਫ਼ੀ ਸਦੀ ਦੀ ਘਾਟ ਵੇਖੀ ਗਈ ਅਤੇ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ’ਚ 13 ਫ਼ੀ ਸਦੀ ਦੀ ਕਮੀ ਵੇਖੀ ਗਈ। ਜੂਨ ’ਚ ਸਿਰਫ ਦਖਣੀ ਭਾਰਤ ’ਚ ਜ਼ਿਆਦਾ ਮੀਂਹ (14 ਫੀ ਸਦੀ) ਦਰਜ ਕੀਤਾ ਗਿਆ।
ਆਈ.ਐਮ.ਡੀ. ਨੇ ਇਹ ਵੀ ਕਿਹਾ ਕਿ 28 ਜੂਨ ਨੂੰ ਦਿੱਲੀ ’ਚ ਭਾਰੀ ਮੀਂਹ ਬੱਦਲ ਫਟਣ ਕਾਰਨ ਨਹੀਂ ਪਿਆ ਸੀ, ਬਲਕਿ ਸਵੇਰੇ 5 ਵਜੇ ਤੋਂ ਸਵੇਰੇ 6 ਵਜੇ (91 ਮਿਲੀਮੀਟਰ) ਦੇ ਵਿਚਕਾਰ ਹੋਏ ਭਾਰੀ ਮੀਂਹ ਦੀ ਮਾਤਰਾ ਕਾਫ਼ੀ ਜ਼ਿਆਦਾ ਸੀ।