ਵਿਸ਼ਾਖਾਪਟਨਮ ਵਿਚ ਵਾਪਰਿਆ ਭਿਆਨਕ ਹਾਦਸਾ, ਅਚਾਨਕ ਕ੍ਰੇਨ ਪਲਟਣ ਕਾਰਨ 10 ਲੋਕਾਂ ਦੀ ਮੌਤ
ਆਂਧਰਾ ਪ੍ਰਦੇਸ਼ ਵਿਚ ਵਿਸ਼ਾਖਾਪਟਨਮ ਦੇ ਹਿੰਦੁਸਤਾਨ ਸ਼ਿਪਯਾਰਡ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ।
ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਵਿਚ ਵਿਸ਼ਾਖਾਪਟਨਮ ਦੇ ਹਿੰਦੁਸਤਾਨ ਸ਼ਿਪਯਾਰਡ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਵਿਸ਼ਾਖਾਪਟਨਮ ਸਥਿਤ ਹਿੰਦੁਸਤਾਨ ਸ਼ਿਪਯਾਰਡ ਲਿਮਟਡ ਵਿਚ ਸ਼ਨੀਵਾਰ ਨੂੰ ਇਕ ਭਾਰੀ ਕਰੇਨ ਪਲਟ ਗਈ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਚੋਂ ਇਕ ਵਿਅਕਤੀ ਜ਼ਖਮੀ ਵੀ ਹੈ।
ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਹਫੜਾ-ਤਫੜੀ ਮਚ ਗਈ। ਬਚਾਅ ਅਤੇ ਰਾਹਤ ਮੁਹਿੰਮ ਦੇ ਤਹਿਤ ਮਲਬੇ ਵਿਚ ਫਸੇ ਕੁਝ ਲੋਕਾਂ ਨੂੰ ਬਚਾਇਆ ਗਿਆ। ਨਿਊਜ਼ ਏਜੰਸੀ ਅਨੁਸਾਰ ਡੀਸੀਪੀ ਸੁਰੇਸ਼ ਬਾਬੂ ਨੇ ਘਟਨਾ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਹਿੰਦੁਸਤਾਨ ਸ਼ਿਪਯਾਰਡ ਵਿਚ ਕ੍ਰੇਨ ਪਲਟਣ ਨਾਲ ਵੱਡਾ ਹਾਦਸਾ ਵਾਪਰਿਆਂ ਹੈ। ਇਸ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਿਪਯਾਰਡ ਵਿਚਲੀ ਕ੍ਰੇਨ ਅਚਾਨਕ ਹੇਠਾਂ ਡਿੱਗ ਗਈ ਅਤੇ ਲੋਕ ਇਸ ਦੇ ਹੇਠਾਂ ਆ ਗਏ। ਦੂਜੇ ਪਾਸੇ ਮੰਤਰੀ ਅਵੰਤੀ ਸ੍ਰੀਨਿਵਾਸ ਨੇ ਅਧਿਕਾਰੀਆਂ ਨੂੰ ਘਟਨਾ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਪ੍ਰਭਾਵੀ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਰੀ ਕ੍ਰੇਨ ਨੇੜੇ ਕੁੱਲ 18 ਮਜ਼ਦੂਰ ਕੰਮ ਕਰ ਰਹੇ ਸੀ।