ਖ਼ੁਸ਼ਖ਼ਬਰੀ! ਇਸ ਮਹੀਨੇ ਨਹੀਂ ਬਦਲਣਗੀਆਂ ਸਿਲੰਡਰ ਦੀਆਂ ਕੀਮਤਾਂ
ਅਗਸਤ ਮਹੀਨੇ ਦੀ ਪਹਿਲੀ ਤਰੀਕ ਆਮ ਆਦਮੀ ਲਈ ਵੱਡੀ ਰਾਹਤ ਲੈ ਕੇ ਆਈ ਹੈ
ਨਵੀਂ ਦਿੱਲੀ: ਅਗਸਤ ਮਹੀਨੇ ਦੀ ਪਹਿਲੀ ਤਰੀਕ ਆਮ ਆਦਮੀ ਲਈ ਵੱਡੀ ਰਾਹਤ ਲੈ ਕੇ ਆਈ ਹੈ ਕਿਉਂਕਿ ਦੇਸ਼ ਦੀਆਂ ਤੇਲ ਨਿਰਮਾਤਾ ਕੰਪਨੀਆਂ ਨੇ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲ਼ਪੀਜੀ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਅਮਰੀਕੀ ਡਾਲਰ-ਰੁਪਏ ਦੇ ਐਕਸਚੇਂਜ ਰੇਟ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ਦੇ ਅਧਾਰ ‘ਤੇ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾਂਦਾ ਹੈ।
ਰਾਜਧਾਨੀ ਦਿੱਲੀ ਵਿਚ 14.2 ਕਿਲੋਗ੍ਰਾਮ ਵਾਲੇ ਗੈਰ-ਸਬਸਿਡੀ ਵਾਲੇ ਐਲ਼ਪੀਜੀ ਸਿਲੰਡਰ ਦੀਆਂ ਕੀਮਤਾਂ 594 ‘ਤੇ ਸਥਿਰ ਹਨ। ਹੋਰ ਸ਼ਹਿਰਾਂ ਵਿਚ ਵੀ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ। ਹਾਲਾਂਕਿ ਜੁਲਾਈ ਮਹੀਨੇ ਵਿਚ 1 ਰੁਪਏ ਤੱਕ ਕੀਮਤਾਂ ਵਧਾਈਆਂ ਗਈਆਂ ਸੀ। ਉੱਥੇ ਹੀ ਇਸ ਤੋਂ ਪਹਿਲਾਂ ਜੂਨ ਦੌਰਾਨ ਦਿੱਲੀ ਵਿਚ 14.2 ਕਿਲੋਗ੍ਰਾਮ ਵਾਲਾ ਗੈਰ ਸਬਸਿਡੀ ਐਲ਼ਪੀਜੀ ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਸੀ। ਮਈ ਵਿਚ ਸਿਲੰਡਰ 162.50 ਰੁਪਏ ਤੱਕ ਸਸਤਾ ਹੋਇਆ ਸੀ।
ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ‘ਤੇ ਦਿੱਤੀਆਂ ਗਈਆਂ ਨਵੀਆਂ ਕੀਮਤਾਂ ਮੁਤਾਬਕ ਦਿੱਲੀ ਵਿਚ ਸਿਲੰਡਰ ਦੀਆਂ ਕੀਮਤਾਂ ਪਿਛਲੇ ਮਹੀਨੇ ਯਾਨੀ ਜੁਲਾਈ ਦੇ ਮੁਕਾਬਲੇ ਅਗਸਤ ਵਿਚ ਸਥਿਰ ਰੱਖੀਆਂ ਗਈਆਂ ਹਨ।
ਪ੍ਰਮੁੱਖ ਸ਼ਹਿਰਾਂ ਵਿਚ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ
ਦਿੱਲੀ ਵਿਚ 14.2 ਕਿਲੋਗ੍ਰਾਮ ਵਾਲੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 594 ਰੁਪਏ ‘ਤੇ ਸਥਿਰ ਹਨ। ਇਸੇ ਤਰ੍ਹਾਂ ਮੁੰਬਈ ਵਿਚ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 594 ਰੁਪਏ ਹੈ। ਚੇਨਈ ਵਿਚ 610.50 ਰੁਪਏ ਹੈ। ਹਾਲਾਂਕਿ ਕੋਲਕਾਤਾ ਵਿਚ ਸਿਲੰਡਰ ਦੀਆਂ ਕੀਮਤਾਂ 50 ਪੈਸੇ ਪ੍ਰਤੀ ਸਿਲੰਡਰ ਵਧ ਗਈਆਂ ਹਨ।
19 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀਆਂ ਕੀਮਤਾਂ
19 ਕਿਲੋ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿਚ ਬਿਨਾਂ ਬਦਲਾਅ 1135.50 ਰੁਪਏ ‘ਤੇ ਸਥਿਰ ਹਨ। ਉੱਥੇ ਹੀ ਕੋਲਕਾਤਾ ਵਿਚ 19 ਕਿਲੋ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 1197.50 ਰੁਪਏ ਤੋਂ ਵਧ ਕੇ 1198.50 ਰੁਪਏ ‘ਤੇ ਆ ਗਈ ਹੈ।
ਮੁੰਬਈ ਵਿਚ 19 ਕਿਲੋ ਵਾਲੇ ਐਲ਼ਪੀਜੀ ਗੈਸ ਸਿਲੰਡਰ ਦੀ ਕੀਮਤ 1090.50 ਰੁਪਏ ਤੋਂ ਵਧ ਕੇ 1091 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਉੱਥੇ ਹੀ ਚੇਨਈ ਵਿਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1255 ਰੁਪਏ ਤੋਂ ਘਟ ਕੇ 1253 ਰੁਪਏ ਹੋ ਗਈ ਹੈ। ਜ਼ਿਕਰਯੋਗ ਹੈ ਕਿ ਘਰੇਲੂ ਐਲ਼ਪੀਜੀ ਦੇ ਗਾਹਕਾਂ ਨੂੰ ਸਿਲੰਡਰ ਮਾਰਕੀਟ ਕੀਮਤ ‘ਤੇ ਖਰੀਦਣਾ ਹੁੰਦਾ ਹੈ। ਇਸ ਤੋਂ ਬਾਅਦ ਸਬਸਿਡੀ ਦੀ ਰਕਮ ਸਿੱਧੇ ਉਹਨਾਂ ਦੇ ਬੈਂਕ ਅਕਾਊਂਟ ਵਿਚ ਟ੍ਰਾਂਸਫਰ ਹੋ ਜਾਂਦੀ ਹੈ। ਕਿਸੇ ਵੀ ਗਾਹਕ ਨੂੰ ਇਕ ਵਿੱਤੀ ਸਾਲ ਵਿਚ 12 ਸਿਲੰਡਰਾਂ ਤੱਕ ਦੀ ਖਰੀਦ ‘ਤੇ ਸਬਸਿਡੀ ਮਿਲਦੀ ਹੈ।
ਇਸ ਸਾਲ ਫਰਵਰੀ ਵਿਚ ਦਿੱਲੀ ‘ਚ ਘਰੇਲੂ ਐਲ਼ਪੀਜੀ ਸਿਲੰਡਰ ਦੀਆਂ ਕੀਤਮਾਂ 858.50 ਰੁਪਏ ਦੇ ਪੱਧਰ ‘ਤੇ ਪਹੁੰਚ ਗਈਆਂ ਸੀ। ਹਾਲਾਂਕਿ ਮਾਰਚ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਦੇਖਣ ਨੂੰ ਮਿਲੀ ਸੀ। ਦਿੱਲੀ ਵਿਚ ਮਾਰਚ ਮਹੀਨੇ ਦੌਰਾਨ ਸਿਲੰਡਰ ਦੀਆਂ ਕੀਮਤਾਂ ਘਟ ਕੇ 805.50 ਰੁਪਏ ਰਹਿ ਗਈਆਂ ਸੀ। ਉੱਥੇ ਹੀ ਮਈ ਵਿਚ ਸਿਲੰਡਰ ਦੀਆਂ ਕੀਤਮਾਂ 744 ਤੋਂ ਘਟ ਕੇ 581.50 ਰੁਪਏ ਰਹਿ ਗਈਆਂ ਸੀ।