ਦੇਸ਼ ਭਰ ਵਿਚ ਅੱਜ ਮਨਾਈ ਜਾ ਰਹੀ ਹੈ ਈਦ-ਉਲ-ਜ਼ੁਹਾ, ਜਾਮਾ ਮਸਜਿਦ ਵਿਚ ਅਦਾ ਕੀਤੀ ਗਈ ਨਮਾਜ਼
ਦੇਸ਼ ਭਰ ਵਿਚ ਅੱਜ ਈਦ-ਉਲ-ਜ਼ੁਹਾ ਯਾਨੀ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਭਰ ਵਿਚ ਅੱਜ ਈਦ-ਉਲ-ਜ਼ੁਹਾ ਯਾਨੀ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦਿੱਲੀ ਸਥਿਤ ਜਾਮਾ ਮਸਜਿਦ ਵਿਚ ਲੋਕਾਂ ਨੇ ਸ਼ਨੀਵਾਰ ਸਵੇਰੇ ਈਦ ਦੀ ਨਮਾਜ਼ ਅਦਾ ਕੀਤੀ। ਦਿੱਲੀ ਦੀ ਜਾਮਾ ਮਸਜਿਦ ਵਿਚ ਸਵੇਰੇ 6 ਵਜ ਕੇ 5 ਮਿੰਟ ‘ਤੇ ਨਮਾਜ਼ ਅਦਾ ਕੀਤੀ ਗਈ। ਕੋਰੋਨਾ ਸੰਕਟ ਦੇ ਚਲਦਿਆਂ ਜਾਮਾ ਮਸਜਿਦ ਵਿਚ ਨਮਾਜ਼ ਅਦਾ ਕਰਨ ਆਏ ਲੋਕਾਂ ਨੂੰ ਮਸਜਿਦ ਪ੍ਰਸ਼ਾਸਨ ਨੇ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ।
ਜਾਮਾ ਮਸਜਿਦ ਵਿਚ ਤੈਨਾਤ ਪੁਲਿਸ ਕਰਮਚਾਰੀਆਂ ਨੇ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਮਸਜਿਦ ਵਿਚ ਐਂਟਰੀ ਦਿੱਤੀ। ਹਾਲਾਂਕਿ ਜਾਮਾ ਮਸਜਿਦ ਵਿਚ ਨਮਾਜ਼ ਦੌਰਾਨ ਮਿਲੀਆਂ ਜੁਲੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ। ਕੋਰੋਨਾ ਸੰਕਟ ਵਿਚ ਨਮਾਜ਼ੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਜ਼ਰ ਆਏ। ਕਈ ਥਾਵਾਂ ‘ਤੇ ਇਹਨਾਂ ਨਿਯਮਾਂ ਦਾ ਉਲੰਘਣ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ।
ਕਈ ਥਾਈਂ ਲੋਕਾਂ ਨੇ ਘਰਾਂ ਵਿਚ ਰਹਿ ਕੇ ਹੀ ਨਮਾਜ਼ ਪੜ੍ਹੀ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਘਰ ‘ਤੇ ਹੀ ਨਮਾਜ਼ ਅਦਾ ਕੀਤੀ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਅਤੇ ਘਰ ਵਿਚ ਰਹਿ ਕੇ ਹੀ ਤਿਉਹਾਰ ਮਨਾਉਣ ਦੀ ਅਪੀਲ ਕੀਤੀ।
ਪੀਐਮ ਮੋਦੀ ਨੇ ਦਿੱਤੀ ਈਦ ਦੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਈਦ ਦੇ ਮੌਕੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਇਹ ਦਿਨ ਸਾਨੂੰ ਇਕ ਨਿਆਂਪੂਰਨ, ਸਦਭਾਵਨਾ ਭਰਪੂਰ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦਾ ਹੈ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਕੀਤਾ ਟਵੀਟ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਈਦ ਦੇ ਇਸ ਪਵਿੱਤਰ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਲਿਖਿਆ ਕਿ ਈਦ ਮੁਬਾਰਕ, ਈਦ-ਉਲ- ਜ਼ੁਹਾ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਤਿਆਗ ਦੀ ਭਾਵਨਾ ਦਾ ਪ੍ਰਤੀਕ ਹੈ ਅਤੇ ਲੋਕਾਂ ਨੂੰ ਸਾਰਿਆਂ ਦੇ ਹਿੱਤਾਂ ਲਈ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ।
ਦੱਸ ਦਈਏ ਕਿ ਈਦ-ਉਲ-ਫਿਤਰ ਤੋਂ ਬਾਅਦ ਈਦ-ਉਲ-ਜ਼ੁਹਾ ਯਾਨੀ ਬਕਰੀਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ। ਦੋਵੇਂ ਮੌਕਿਆਂ ‘ਤੇ ਮਸਜਿਦ ਵਿਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ। ਈਦ-ਉਲ-ਫਿਤਰ ‘ਤੇ ਖੁਰਮੇ ਬਣਾਉਣ ਦਾ ਰਿਵਾਜ਼ ਹੈ, ਜਦਕਿ ਈਦ-ਉਲ-ਜ਼ੁਹਾ ‘ਤੇ ਬਕਰੇ ਜਾਂ ਦੂਜੇ ਜਾਨਵਰਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਸਾਲ ਕੋਰੋਨਾ ਸੰਕਟ ਕਾਰਨ ਸਥਿਤੀ ਵੱਖਰੀ ਹੈ। ਸਰਕਾਰ ਨੇ ਭੀੜ ਇਕੱਠੀ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।