ਮੋਦੀ ਦੇ ਕੰਮ ਵਿਚ ਚੰਗਿਆਈ ਲਭਣਾ, ਕੂੜੇ ਦੇ ਢੇਰ ਵਿਚੋਂ ਸੂਈ ਲੱਭਣ ਜਿਹਾ : ਸਲਮਾਨ ਖ਼ੁਰਸ਼ੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਦੇਸ਼ ਦੇ ਹਾਲਾਤ ਤੋਂ ਕਾਂਗਰਸ ਕਾਫ਼ੀ ਚਿੰਤਿਤ

Finding something good Modi has done is like looking for needle in haystack: Salman Khurshid

ਨਵੀਂ ਦਿੱਲੀ : ਕਾਂਗਰਸ ਆਗੂ ਸਲਮਾਨ ਖ਼ੁਰਸ਼ੀਦ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਵਿਚ ਚੰਗਿਆਈ ਲਭਣਾ ਕੂੜੇ ਦੇ ਢੇਰ ਵਿਚੋਂ ਸੂਈ ਲੱਭਣ ਜਿਹਾ ਹੈ। 

ਹਾਲ ਹੀ ਵਿਚ ਕੁੱਝ ਕਾਂਗਰਸ ਆਗੂਆਂ ਨੇ ਕਿਹਾ ਸੀ ਕਿ ਜੇ ਪ੍ਰਧਾਨ ਮੰਤਰੀ ਕੁੱਝ ਚੰਗਾ ਕਰਦੇ ਹਨ ਤਾਂ ਉਨ੍ਹਾਂ ਦੇ ਕੰਮ ਦੀ ਤਾਰੀਫ਼ ਵੀ ਹੋਣੀ ਚਾਹੀਦੀ ਹੈ। ਖ਼ੁਰਸ਼ੀਦ ਨੇ ਕਿਹਾ ਕਿ ਦੇਸ਼ ਜਿਸ ਤਰ੍ਹਾਂ ਚੱਲ ਰਿਹਾ ਹੈ, ਕਾਂਗਰਸ ਉਸ ਬਾਰੇ ਕਾਫ਼ੀ ਚਿੰਤਿਤ ਹੈ। ਜੈਰਾਮ ਰਮੇਸ਼ ਨੇ ਹਾਲ ਹੀ ਵਿਚ ਕਿਹਾ ਸੀ ਕਿ ਮੋਦੀ ਦੇ ਪ੍ਰਸ਼ਾਸਨਿਕ ਮਾਡਲ ਵਿਚ ਸੱਭ ਕੁੱਝ ਖ਼ਰਾਬ ਨਹੀਂ ਅਤੇ ਉਨ੍ਹਾਂ ਦੇ ਕੰਮ ਨੂੰ ਪ੍ਰਵਾਨ ਨਾ ਕਰਨ ਅਤੇ ਹਮੇਸ਼ਾ ਉਨ੍ਹਾਂ ਦੀ ਆਲੋਚਨਾ ਕਰਨ ਨਾਲ ਕੁੱਝ ਹਾਸਲ ਨਹੀਂ ਹੋਣਾ। 

ਖ਼ੁਰਸ਼ੀਦ ਨੇ ਕਿਹਾ, ‘ਮੇਰੀ ਨਜ਼ਰ ਵਿਚ, ਮੋਦੀ ਦੁਆਰਾ ਕੀਤੇ ਗਏ ਚੰਗੇ ਕੰਮ ਨੂੰ ਲਭਣਾ ਕੂੜੇ ਦੇ ਢੇਰ ਵਿਚੋਂ ਸੂਈ ਲਭਣਾ ਹੈ।’ ਮੋਦੀ ਦੀ ਹਮੇਸ਼ਾ ਆਲੋਚਨਾ ਕਰਨ ਦੀ ਰਮੇਸ਼ ਅਤੇ ਹੋਰ ਆਗੂਆਂ ਦੀ ਟਿਪਣੀ ਦੇ ਸਬੰਧ ਵਿਚ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਸਿੱਧੇ ਸਿੱਧੇ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਇੰਜ ਭਰਮ ਪੈਦਾ ਹੋਵੇਗਾ। ਖ਼ੁਰਸ਼ੀਦ ਨੇ ਕਿਹਾ ਕਿ ਰਮੇਸ਼ ਨੇ ਉਹ ਕਿਹਾ ਜੋ ਉਹ ਕਹਿਣਾ ਚਾਹੁੰਦੇ ਸਨ। ਅਸੀਂ ਸਾਰੀਆਂ ਚੀਜ਼ਾਂ ਨੂੰ ਉਸੇ ਹਿਸਾਬ ਨਾਲ ਵੇਖਦੇ ਹਾਂ ਜੋ ਸਾਡੇ ਲਈ ਸਹੀ ਹੁੰਦਾ ਹੈ। ਜਿਵੇਂ ਮੈਂ ਕਿਹਾ, ਮੇਰੇ ਲਈ ਮੋਦੀ ਦੇ ਕੰਮ ਵਿਚ ਚੰਗਿਆਈ ਲਭਣਾ ਮੁਸ਼ਕਲ ਹੈ।