ਜਿਹੜਾ ਕੰਮ 70 ਸਾਲਾਂ ‘ਚ ਨਹੀਂ ਹੋਇਆ, ਮੋਦੀ ਨੇ ਧਾਰਾ 370 ਨੂੰ ਆਉਂਦੇ ਸਾਰ ਹੀ ਕੀਤਾ ਖ਼ਤਮ: ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਦਰਾ ਅਤੇ ਨਗਰ ਹਵੇਲੀ ਦੇ ਦੌਰੇ...

Amit Shah Rally

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਦਰਾ ਅਤੇ ਨਗਰ ਹਵੇਲੀ ਦੇ ਦੌਰੇ ‘ਤੇ ਸਿਲਵਾਸਾ ’ਚ ਸਿਹਤ ਅਤੇ ਕਲਿਆਣ ਕੇਂਦਰ ਦਾ ਉਦਘਾਟਨ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਹੱਥ ਉਤੇ ਕਰਕੇ ਬੋਲੋ ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਦੀ ਜੈ। ਇਸ ਦੌਰਾਨ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਧਾਰਾ 370 ਨੂੰ ਹਟਾਉਣ ਦਾ ਵਿਰੋਧ ਕੀਤਾ। ਅੱਜ ਵੀ ਰਾਹੁਲ ਗਾਂਧੀ ਜੋ ਬਿਆਨ ਦਿੰਦੇ ਹਨ, ਉਸ ਦੀ ਪਾਕਿਸਤਾਨ ’ਚ ਤਾਰੀਫ਼ ਹੁੰਦੀ ਹੈ।

ਰਾਹੁਲ ਦੇ ਬਿਆਨ ਨੂੰ ਪਾਕਿਸਤਾਨ ਅਰਜ਼ੀ-ਅਰਜ਼ੀ ’ਚ ਸ਼ਾਮਲ ਕਰਦਾ ਹੈ। ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬਿਆਨ ਦੀ ਵਰਤੋਂ ਭਾਰਤ ਦੇ ਖ਼ਿਲਾਫ਼ ਹੋ ਰਹੀ ਹੈ। ਉਨ੍ਹਾਂ ਧਾਰਾ 370 ’ਤੇ ਸਰਕਾਰ ਦੇ ਫ਼ੈਸਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪਿਛਲੇ ਸੰਸਦ ਸੈਸ਼ਨ ’ਚ ਮੋਦੀ ਜੀ ਨੇ ਇਤਿਹਾਸਕ ਫ਼ੈਸਲਾ ਲਿਆ। ਧਾਰਾ 370 ਅਤੇ 35ਏ ਦੇਸ਼ ਦੀ ਅਖੰਡਤਾ ’ਚ ਰੁਕਾਵਟ ਸੀ। ਮੋਦੀ ਜੀ ਨੂੰ ਤੁਸੀਂ ਮੁੜ ਪ੍ਰਧਾਨ ਮੰਤਰੀ ਬਣਾਇਆ ਅਤੇ ਉਨ੍ਹਾਂ ਨੇ ਸੰਸਦ ਦੇ ਪਹਿਲੇ ਹੀ ਸੈਸ਼ਨ ’ਚ ਧਾਰਾ 370 ਨੂੰ ਖ਼ਤਮ ਕਰ ਦਿੱਤਾ। ਮੋਦੀ ਜੀ ਤੋਂ ਇਲਾਵਾ ਇਹ ਕੰਮ ਕੋਈ ਹੋਰ ਨਹੀਂ ਕਰ ਸਕਦਾ ਸੀ।

ਅੱਤਵਾਦ ਦੇ ਤਾਬੂਤ ਚ ਆਖ਼ਰੀ ਕਿੱਲ ਠੋਕ ਦਿੱਤੀ ਗਈ

ਉਨ੍ਹਾਂ ਇਸ ਦੌਰਾਨ ਕਿਹਾ ਕਿ ਧਾਰਾ 370 ਦੇ ਹਟਣ ਨਾਲ ਜੰਮੂ-ਕਸ਼ਮੀਰ ’ਚ ਵਿਕਾਸ ਦੇ ਰਸਤੇ ਖੁੱਲ੍ਹੇ ਹਨ, ਅੱਤਵਾਦ ਦੇ ਤਾਬੂਤ ’ਚ ਆਖ਼ਰੀ ਕਿੱਲ ਠੋਕ ਦਿੱਤੀ ਗਈ ਹੈ, ਜੰਮੂ-ਕਸ਼ਮੀਰ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਨਾਲ ਮਿਲਾਉਣ ਦਾ ਕੰਮ ਹੋਇਆ ਹੈ। ਸਾਰੇ ਲੋਕ ਇਸ ਫ਼ੈਸਲੇ ’ਤੇ ਸਰਕਾਰ ਨਾਲ ਹਨ ਪਰ ਕੁਝ ਲੋਕ ਇਸ ਦਾ ਵੀ ਵਿਰੋਧ ਕਰ ਰਹੇ ਹਨ।

ਡੈਮਾਂ ਦੀ ਸਮਰੱਥਾ ਚ ਵੀ ਵਿਸਥਾਰ ਹੋਵੇਗਾ

ਸ਼ਾਹ ਨੇ ਕਿਹਾ ਕਿ 2014 ’ਚ ਜਦੋਂ ਮੋਦੀ ਜੀ ਪੀਐੱਮ ਬਣੇ ਤਾਂ ਉਨ੍ਹਾਂ ਨੇ ਹਰ ਵਿਅਕਤੀ ਨੂੰ ਘਰ ਅਤੇ ਹਰ ਘਰ ’ਚ ਪਖ਼ਾਨਾ, ਬਿਜਲੀ ਤੇ ਆਯੂਸ਼ਮਾਨ ਭਾਰਤ ਯੋਜਨਾ ਦਾ ਕਾਰਡ ਦੇਣ ਦਾ ਫ਼ੈਸਲਾ ਕੀਤਾ ਸੀ। ਇਸ ਦੌਰਾਨ ਹਰ ਘਰ ’ਚ ਸ਼ੁੱਧ ਪਾਣੀ ਦੇਣ ਦਾ ਸੰਕਲਪ ਰਹਿ ਗਿਆ ਸੀ। ਮੋਦੀ ਜੀ ਨੇ ਇਸ ਵਾਰ ਜਲ ਸ਼ਕਤੀ ਮੰਤਰਾਲੇ ਦੀ ਸ਼ੁਰੂਆਤ ਕੀਤੀ ਹੈ।

ਇਹ ਮੰਤਰਾਲਾ ਹਰ ਘਰ ਨੂੰ ਸੰਪੂੂਰਨ ਬਣਾਉਣ ਦਾ ਕੰਮ ਕਰੇਗਾ। ਨਾਲ ਹੀ ਇਸ ਨਾਲ ਜਲ ਇਕੱਠਾ ਕਰਨ ’ਚ ਮਦਦ ਮਿਲੇਗੀ ਅਤੇ ਡੈਮਾਂ ਦੀ ਸਮਰੱਥਾ ’ਚ ਵੀ ਵਿਸਥਾਰ ਹੋਵੇਗਾ। ਇਹੀ ਨਹੀਂ, ਇਸ ਨਾਲ ਘਰ, ਪਿੰਡ ਅਤੇ ਖੇਤਾਂ ’ਚ ਪਾਣੀ ਦਾ ਪ੍ਰਬੰਧ ਹੋਵੇਗਾ। ਕਿਸਾਨਾਂ ਨੂੰ ਘੱਟ ਪਾਣੀ ’ਚ ਜ਼ਿਆਦਾ ਉਪਜ ਮਿਲੇ, ਅਜਿਹੀ ਤਕਨੀਕ ਦਾ ਵੀ ਵਿਸਥਾਰ ਹੋਵੇਗਾ।

ਮੈਡੀਕਲ ਕਾਲਜ ਤੋਂ ਸਿਹਤ ਸੇਵਾਵਾਂ ਵੀ ਮਿਲਦੀਆਂ ਹਨ

ਅਮਿਤ ਸ਼ਾਹ ਨੇ ਇਸ ਦੌਰੇ ’ਤੇ ਸਿਲਵਾਸਾ ’ਚ ਸਿਹਤ ਅਤੇ ਕਲਿਆਣ ਕੇਂਦਰ ਦਾ ਉਦਘਾਟਨ ਕੀਤਾ ਅਤੇ ਬੋਲੇ ਕਿ ਅੱਜ ਤੋਂ ਇੱਥੇ ਅਤੀ ਆਧੁਨਿਕ ਮੈਡੀਕਲ ਕਾਲਜ ਸ਼ੁਰੂ ਹੋਣ ਜਾ ਰਿਹਾ ਹੈ। ਹੁਣ ਇੱਥੋਂ ਦੇ ਬੱਚੇ ਡਾਕਟਰ ਬਣ ਕੇ ਇੱਥੋਂ ਦੇ ਲੋਕਾਂ ਦੀ ਸੇਵਾ ਕਰ ਸਕਣਗੇ। ਮੈਡੀਕਲ ਕਾਲਜ ਤੋਂ ਬੱਚਿਆਂ ਦੀ ਪੜ੍ਹਾਈ ਦੇ ਨਾਲ ਗ਼ਰੀਬ ਲੋਕਾਂ ਨੂੰ ਸਿਹਤ ਸੇਵਾਵਾਂ ਵੀ ਮਿਲਦੀਆਂ ਹਨ। ਅੱਜ ਇੱਥੇ ਇੱਕ ਤੋਂ ਬਾਅਦ ਇਕ ਕਰਕੇ ਕਰੋੜਾਂ ਰੁਪਏ ਦੇ ਕੰਮਾਂ ਦੇ ਲੋਕ ਅਰਪਣ ਹੋਏ ਹਨ। ਇਹ ਸਾਰੇ ਕੰਮ ਇਸੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਵਿਕਾਸ ਮਾਰਗ ’ਚ ਅੱਗ ਲਿਜਾਣਗੇ।