ਲੋਕਾਂ ਨੂੰ ਪਸੰਦ ਨਹੀਂ ਆਈ ਮੋਦੀ ਦੀ ‘ਮਨ ਕੀ ਬਾਤ’! ਪਹਿਲੀ ਵਾਰ ਮਿਲੇ 4.5 ਲੱਖ Dislike

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਅਗਸਤ ਨੂੰ ਅਪਣੇ ਰੇਡੀਓ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨਾਲ ‘ਮਨ ਕੀ ਬਾਤ’ ਕੀਤੀ।

PM Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਅਗਸਤ ਨੂੰ ਅਪਣੇ ਰੇਡੀਓ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨਾਲ ‘ਮਨ ਕੀ ਬਾਤ’ ਕੀਤੀ। 30-31 ਮਿੰਟ ਦੇ ਇਸ ਪ੍ਰੋਗਰਾਮ ਨੂੰ ਭਾਰਤੀ ਜਨਤਾ ਪਾਰਟੀ, ਨਰਿੰਦਰ ਮੋਦੀ ਅਤੇ ਪੀਐਮਓ ਇੰਡੀਆ ਦੇ ਯੂਟਿਊਬ ਚੈਨਲ ਤੋਂ ਪ੍ਰਸਾਰਿਤ ਕੀਤਾ ਗਿਆ ਸੀ। ਕੁਝ ਹੀ ਘੰਟਿਆਂ ਵਿਚ ਇਸ ਪ੍ਰੋਗਰਾਮ ਨੂੰ ਲਾਈਕਸ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਡਿਸਲਾਈਕ ਮਿਲ ਗਏ।

ਇਸ ਤੋਂ ਬਾਅਦ ਜਦੋਂ ਇਸ ਸਬੰਧੀ ਖ਼ਬਰਾਂ ਆਈਆਂ ਤਾਂ ਭਾਜਪਾ ਦਾ ਜਵਾਬ ਸਾਹਮਣੇ ਆਇਆ। ਪਾਰਟੀ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਯ ਨੇ ਟਵੀਟ ਕਰ ਕੇ ਕਿਹਾ ਕਿ ਡਿਸਲਾਈਕ ਦਾ 98 ਫੀਸਦੀ ਹਿੱਸਾ ਤਾਂ ਭਾਰਤ ਤੋਂ ਬਾਹਰ ਦਾ ਹੈ। ਉਹਨਾਂ ਨੇ ਕਿਹਾ, ‘ਪਿਛਲੇ 24 ਘੰਟਿਆਂ ਵਿਚ ਯੂਟਿਊਬ ‘ਤੇ ‘ਮਨ ਕੀ ਬਾਤ’ ਦੇ ਵੀਡੀਓ ਨੂੰ ਨਾਪਸੰਦ ਕਰਨ ਦਾ ਇਕ ਸਖਤ ਯਤਨ ਕੀਤਾ ਗਿਆ ਹੈ। ਕਾਂਗਰਸ ਦਾ ਵਿਸ਼ਵਾਸ ਇੰਨਾ ਘੱਟ ਹੈ ਕਿ ਉਹ ਇਸ ਨੂੰ ਕਿਸੇ ਤਰ੍ਹਾਂ ਦੀ ਜਿੱਤ ਦੇ ਰੂਪ ਵਿਚ ਦੇਖ ਰਹੀ ਹੈ। ਹਾਲਾਂਕਿ ਯੂਟਿਊਬ ਦੇ ਅੰਕੜੇ ਦੱਸਦੇ ਹਨ ਕਿ ਉਹਨਾਂ ਦੇ ਡਿਸਲਾਈਕ ਵਿਚ 98 ਫੀਸਦੀ ਹਿੱਸਾ ਭਾਰਤ ਦੇ ਬਾਹਰ ਤੋਂ ਆਇਆ ਹੈ’।

ਉਹਨਾਂ ਕਿਹਾ ਕਿ ਵਿਦੇਸ਼ੀ ਟਵਿਟਰ ਅਕਾਊਂਟ ਕਾਂਗਰਸ ਦੇ ਐਂਟੀ ਨੀਟ-ਜੇਈਈ ਮੁਹਿੰਮ ਦਾ ਲਗਾਤਾਰ ਹਿੱਸਾ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਭਾਜਪਾ ਦੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਡਿਸਲਾਈਕਸ ਦਾ ਇਕ ਵੱਡਾ ਹਿੱਸਾ ਇਕ ਅਜਿਹੇ ਸੈਕਸ਼ਨ ਤੋਂ ਲਿਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਨੀਟ-ਜੇਈਈ ਦੇ ਮੁੱਦੇ ਨੂੰ ਸਿਆਸੀ ਮੁੱਦਾ ਬਣਾਉਣਾ ਚਾਹ ਰਿਹਾ ਹੈ।

ਭਾਜਪਾ ਆਈਟੀ ਸੈੱਲ ਦੇ ਇਕ ਮੈਂਬਰ ਨੇ ਕਿਹਾ, ‘ਇਹ ਡਿਸਲਾਈਕਸ ਅਸਲ ਦਰਸ਼ਕਾਂ ਦੀਆਂ ਪ੍ਰਤੀਕਿਰਿਆ ਨਹੀਂ ਹੈ। ਇਹਨਾਂ ਵਿਚੋਂ ਬਹੁਤ ਸਾਰੇ ਜਾਅਲੀ ਹੈਂਡਲਰ ਹਨ। ਇਹਨਾਂ ਨੇ ਪਹਿਲਾਂ ਇਕਜੁੱਟ ਹੋ ਕੇ ਪ੍ਰੀਖਿਆ ਕਰਾਉਣ ਦੇ ਵਿਰੁੱਧ ਹੈਸ਼ਟੈਗ ਨੂੰ ਰੁਝਾਨ ਦਿੱਤਾ। ਫਿਰ ਉਹਨਾਂ ਨੇ ਅਪਣਾ ਧਿਆਨ 'ਮਨ ਕੀ ਬਾਤ' ਪ੍ਰੋਗਰਾਮ 'ਤੇ ਕੇਂਦਰਤ ਕੀਤਾ।

ਭਾਜਪਾ ਦੇ ਇਹਨਾਂ ਦਾਅਵਿਆਂ ‘ਤੇ ਕਾਂਗਰਸ ਦੀ ਜੁਆਇੰਟ ਸਕੱਤਰ ਅਤੇ ਐਨਐਸਯੂਆਈ ਦੀ ਇੰਚਾਰਜ ਰੂਚੀ ਗੁਪਤਾ ਨੇ ਟਵੀਟ ਕਰ ਕੇ ਕਿਹਾ, ‘ਵਿਦਿਆਰਥੀਆਂ ਦੇ ਅਸਲ ਸੰਕਟ ਦੇ ਬਾਵਜੂਦ ਮਾਲਵੀਯ ਅਤੇ ਉਹਨਾਂ ਦੀ ਕੰਪਨੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ‘ਤੇ ਹਮਦਰਦੀ ਨਾ ਦਿਖਾਉਂਦੇ ਹੋਏ, ਇਸ ਨੂੰ ਬਾਹਰੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ’। ਪੀਐਮ ਮੋਦੀ ਦੀ ‘ਮਨ ਕੀ ਬਾਤ’ ਦਾ ਵੀਡੀਓ ਤਿੰਨ ਯੂਟਿਊਬ ਚੈਨਲ ‘ਤੇ ਪ੍ਰਸਾਰਿਤ ਕੀਤਾ ਗਿਆ। ਪੀਐਮਓ ਇੰਡੀਆ ਦੇ ਚੈਨਲ ਵਿਚ ਕਮੈਂਟ ਸੈਕਸ਼ਨ ਬੰਦ ਸੀ ਪਰ ਬਾਕੀ ਦੋ ਚੈਨਲਾਂ ‘ਤੇ ਲੋਕਾਂ ਨੇ ਕਾਫੀ ਕਮੈਂਟ ਕੀਤੇ।

ਲੋਕਾਂ ਨੇ ਨੀਟ-ਜੇਈਈ ਪ੍ਰੀਖਿਆਵਾਂ ਦੀ ਤਰੀਕ ਅੱਗੇ ਨਾ ਵਧਾਉਣ ਲਈ ਸਰਕਾਰ ਦੇ ਫੈਸਲੇ ‘ਤੇ ਸਵਾਲ ਚੁੱਕੇ। ਲੋਕਾਂ ਨੇ ਸਰਕਾਰੀ ਨੌਕਰੀਆਂ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਦੇਰੀ ਅਤੇ ਉਹਨਾਂ ਦੇ ਨਤੀਜਿਆਂ ਵਿਚ ਦੇਰੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ।   ਦੱਸ ਦਈਏ ਕਿ ਭਾਜਪਾ ਦੇ ਯੂਟਿਊਬ ਚੈਨਲ ‘ਤੇ ਅਪਲੋਡ ਵੀਡੀਓ ਨੂੰ 17 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ। ਕਰੀਬ 4.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਡਿਸਲਾਈਕ ਕੀਤਾ ਹੈ।