ਮਨ ਕੀ ਬਾਤ: ਪੀਐਮ ਮੋਦੀ ਨੇ ਕੋਰੋਨਾ ਸੰਕਟ ਤੋਂ ਲੈ ਕੇ ਖਿਡੌਣਿਆਂ ਤੱਕ ਕੀਤੀ ਚਰਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੜ੍ਹੋ ਸੰਬੋਧਨ ਦੀਆਂ ਵੱਡੀਆਂ ਗੱਲਾਂ

Mann Ki Baat

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਕੋਰੋਨਾ ਸੰਕਟ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਮਾਸਕ ਅਤੇ ਦੋ ਗਜ ਦੀ ਦੂਰੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਬੱਚਿਆਂ ਦੇ ਖਿਡੌਣਿਆਂ ‘ਤੇ ਵੀ ਗੱਲਬਾਤ ਕੀਤੀ। ਉਹਨਾਂ ਨੇ ਲੋਕਲ ਖਿਡੌਣਿਆਂ ਲਈ ਵੋਕਲ ਬਣਨ ਦੀ ਬੇਨਤੀ ਕੀਤੀ। ਆਓ ਜਾਣਦੇ ਹਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਕੁਝ ਜ਼ਰੂਰੀ ਗੱਲਾਂ।

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੌਰਾਨ ਕਿਹਾ ਕਿ ਸਾਡੇ ਤਿਉਹਾਰ ਅਤੇ ਵਾਤਾਵਰਣ ਵਿਚ ਬਹੁਤ ਡੂੰਘਾ ਰਿਸ਼ਤਾ ਹੈ। ਆਮ ਤੌਰ ‘ਤੇ ਇਹ ਸਮਾਂ ਤਿਉਹਾਰਾਂ ਦਾ ਹੈ, ਥਾਂ-ਥਾਂ ‘ਤੇ ਮੇਲੇ ਲੱਗਦੇ ਹਨ, ਧਾਰਮਕ ਪ੍ਰੋਗਰਾਮ ਹੁੰਦੇ ਹਨ। ਕੋਰੋਨਾ ਦੇ ਇਸ ਸਕੰਟ ਵਿਚ ਲੋਕਾਂ ਵਿਚ ਉਤਸ਼ਾਹ ਤਾਂ ਹੈ ਹੀ ਪਰ ਮਨ ਨੂੰ ਛੂਹ ਲੈਣ ਵਾਲਾ ਅਨੁਸ਼ਾਸਨ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਅਪਣਾ ਅਤੇ ਦੂਜਿਆਂ ਦਾ ਧਿਆਨ ਰੱਖਦੇ ਹੋਏ ਅਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਕਰ ਰਹੇ ਹਨ। ਦੇਸ਼ ਵਿਚ ਹੋ ਰਹੇ ਹਰ ਅਯੋਜਨ ਵਿਚ ਜਿਸ ਤਰ੍ਹਾਂ ਦੀ ਸਾਦਗੀ ਦੇਖੀ ਜਾ ਰਹੀ ਹੈ, ਉਹ ਹੈਰਾਨੀਜਨਕ ਹੈ।

ਪ੍ਰਧਾਨ ਮੰਤਰੀ ਨੇ ਖਿਡੌਣਿਆਂ ਨੂੰ ਲੈ ਕੇ ਵੀ ਅਪਣੀ ਗੱਲ ਰੱਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਸਥਾਨਕ ਖਿਡੌਣਿਆਂ ਦੀ ਬਹੁਤ ਹੀ ਅਮੀਰ ਪਰੰਪਰਾ ਹੈ। ਇੱਥੇ ਬਹੁਤ ਸਾਰੇ ਪ੍ਰਤਿਭਾਵਾਨ ਅਤੇ ਕੁਸ਼ਲ ਕਾਰੀਗਰ ਹਨ ਜੋ ਚੰਗੇ ਖਿਡੌਣੇ ਬਣਾਉਣ ਵਿਚ ਮਾਹਰ ਹਨ। ਭਾਰਤ ਦੇ ਕੁਝ ਖੇਤਰ ਖਿਡੌਣਿਆਂ ਦੇ ਕੇਂਦਰ ਵਜੋਂ ਵੀ ਵਿਕਸਤ ਹੋ ਰਹੇ ਹਨ।

ਉਹਨਾਂ ਦੱਸਿਆ ਕਿ ਗਲੋਬਲ ਖਿਡੌਣਾ ਉਦਯੋਗ 7 ​​ਲੱਖ ਕਰੋੜ ਤੋਂ ਵੀ ਜ਼ਿਆਦਾ ਦਾ ਹੈ। ਕਾਰੋਬਾਰ ਇੰਨਾ ਵੱਡਾ ਹੈ ਪਰ ਭਾਰਤ ਦਾ ਹਿੱਸਾ ਉਸ ਵਿਚ ਬਹੁਤ ਘੱਟ ਹੈ, ਜਿਸ ਦੇਸ਼ ਕੋਲ ਇੰਨੀ ਵੱਡੀ ਵਿਰਾਸਤ ਹੋਵੇ, ਪਰੰਪਰਾ ਹੋਵੇ, ਕੀ ਖਿਡੌਣਾ ਬਜ਼ਾਰ ਵਿਚ ਉਸ ਦੀ ਹਿੱਸੇਦਾਰੀ ਇੰਨੀ ਘੱਟ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕਲ ਖਿਡੌਣਿਆਂ ਲਈ ਸਾਨੂੰ ਵੋਕਲ ਬਣਨਾ ਹੋਵੇਗਾ। ਉਹਨਾਂ ਨੇ ਦੇਸ਼ਵਾਸੀਆਂ ਨੂੰ ਖਿਡੌਣਿਆਂ ਅਤੇ ਕੰਪਿਊਟਰ ਖੇਡਾਂ ਦੇ ਮਾਮਲੇ ਵਿਚ ਆਤਮ ਨਿਰਭਰ ਬਣਨ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਭਾਰਤੀ ਨਸਲ ਦੇ ਕੁੱਤਿਆਂ  ਦੀ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਇੰਡੀਅਨ ਕਾਂਊਸਿਲ ਆਫ਼ ਐਗਰੀਕਲਚਰ ਰਿਸਰਚ ਵੀ ਭਾਰਤੀ ਨਸਲ ਦੇ ਕੁੱਤਿਆਂ ਬਾਰੇ ਖੋਜ ਕਰ ਰਹੀ ਹੈ।

ਉਹਨਾਂ ਨੇ ਕਿਹਾ ਕਿ ਸਾਲ 2022 ਵਿਚ ਸਾਡਾ ਦੇਸ਼ ਅਜ਼ਾਦੀ ਦੇ 75 ਸਾਲ ਦਾ ਤਿਉਹਾਰ ਮਨਵੇਗਾ। ਦੇਸ਼ ਅੱਜ ਜਿਸ ਵਿਕਾਸ ਯਾਤਰਾ ‘ਤੇ ਚੱਲ ਰਿਹਾ ਹੈ। ਇਸ ਦੀ ਸਫ਼ਲਤਾ ਸੁਖਦਾਈ ਉਦੋਂ ਹੋਵੇਗੀ ਜਦੋਂ ਹਰ ਇਕ ਦੇਸ਼ ਵਾਸੀ ਇਸ ਵਿਚ ਸ਼ਾਮਲ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਦੇਸ਼ਵਾਸੀ ਤੰਦਰੁਸਤ ਰਹੇ ਤੇ ਸੁਖੀ ਰਹੇ। ਸਾਨੂੰ ਮਿਲ ਕੇ ਕੋਰੋਨਾ ਨੂੰ ਪੂਰੀ ਤਰ੍ਹਾਂ ਹਰਾਉਣਾ ਹੈ। ਕੋਰੋਨਾ ਉਦੋਂ ਹਾਰੇਗਾ ਜਦੋਂ ਤੁਸੀਂ ਸੁਰੱਖਿਅਤ ਰਹੋਗੇ।  ਪੀਐਮ ਮੋਦੀ ਨੇ ਕਿਹਾ ਕਿ ਸਾਡੇ ਕਿਸਾਨਾਂ ਨੇ ਕੋਰੋਨਾ ਦੀ ਇਸ ਮੁਸ਼ਕਲ ਹਾਲਾਤਾਂ ‘ਚ ਵੀ ਆਪਣੀ ਤਾਕਤ ਨੂੰ ਸਾਬਿਤ ਕੀਤਾ ਹੈ।