ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ’ਚ ਹੋਈ ਕਟੌਤੀ, ਜਾਣੋ ਨਵੇਂ ਰੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਕਟੌਤੀ ਤੋਂ ਬਾਅਦ ਅੱਜ ਤੋਂ ਦਿੱਲੀ ਵਿਚ 19 ਕਿਲੋ ਦਾ ਐਲਪੀਜੀ ਸਿਲੰਡਰ 1976.50 ਰੁਪਏ ਦੀ ਬਜਾਏ 1885 ਰੁਪਏ ਵਿਚ ਮਿਲੇਗਾ।

LPG Cylinder


ਨਵੀਂ ਦਿੱਲੀ: ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਸਰਕਾਰੀ ਤੇਲ ਕੰਪਨੀਆਂ  ਨੇ ਵਪਾਰਕ LPG ਸਿਲੰਡਰਾਂ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਬਾਹਰ ਖਾਣਾ ਸਸਤਾ ਹੋ ਸਕਦਾ ਹੈ। ਇੰਡੀਅਨ ਆਇਲ ਨੇ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 100 ਰੁਪਏ ਤੱਕ ਦੀ ਕਟੌਤੀ ਕੀਤੀ ਹੈ। ਘਟੀ ਹੋਈ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ।

ਇਸ ਕਟੌਤੀ ਤੋਂ ਬਾਅਦ ਅੱਜ ਤੋਂ ਦਿੱਲੀ ਵਿਚ 19 ਕਿਲੋ ਦਾ ਐਲਪੀਜੀ ਸਿਲੰਡਰ 1976.50 ਰੁਪਏ ਦੀ ਬਜਾਏ 1885 ਰੁਪਏ ਵਿਚ ਮਿਲੇਗਾ। ਕੋਲਕਾਤਾ 'ਚ ਹੁਣ ਇਹ 2095.50 ਰੁਪਏ ਦੀ ਬਜਾਏ 1995.50 ਰੁਪਏ 'ਚ ਮਿਲੇਗਾ। ਮੁੰਬਈ 'ਚ ਇਸ ਦੀ ਕੀਮਤ 1844 ਰੁਪਏ ਅਤੇ ਚੇਨਈ 'ਚ 2045 ਰੁਪਏ ਕਰ ਦਿੱਤੀ ਗਈ ਹੈ। ਦਿੱਲੀ ਵਿਚ ਇਹ 91.50 ਰੁਪਏ, ਕੋਲਕਾਤਾ ਵਿਚ 100 ਰੁਪਏ, ਮੁੰਬਈ ਵਿਚ 92.50 ਰੁਪਏ ਅਤੇ ਚੇਨਈ ਵਿਚ 96 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ ਰਸੋਈ ਗੈਸ ਸਿਲੰਡਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਕਮਰਸ਼ੀਅਲ ਸਿਲੰਡਰ ਦੀ ਵਰਤੋਂ ਆਮ ਤੌਰ 'ਤੇ ਹਲਵਾਈ ਕਰਦੇ ਹਨ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਬਾਹਰ ਦਾ ਖਾਣਾ-ਪੀਣਾ ਸਸਤਾ ਹੋ ਸਕਦਾ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਮਹੀਨੇ ਕਟੌਤੀ ਕੀਤੀ ਗਈ ਹੈ। 1 ਜੂਨ ਨੂੰ ਇਸ ਵਿਚ 135 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਦਕਿ 1 ਜੁਲਾਈ ਨੂੰ ਇਹ 198 ਰੁਪਏ ਸਸਤਾ ਹੋ ਗਿਆ ਸੀ। 1 ਅਗਸਤ ਨੂੰ ਇਸ ਦੀ ਕੀਮਤ 'ਚ 36 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿਚ ਭਾਰੀ ਵਾਧਾ ਹੋਇਆ ਸੀ। ਉਸ ਦਿਨ ਇਸ ਦੀ ਕੀਮਤ 249.50 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ।

ਇਸ ਤੋਂ ਬਾਅਦ ਦਿੱਲੀ ਵਿਚ ਇਸ ਸਿਲੰਡਰ ਦੀ ਕੀਮਤ 2253 ਰੁਪਏ ਹੋ ਗਈ ਸੀ। ਇਸ ਤੋਂ ਬਾਅਦ 1 ਮਈ 2022 ਨੂੰ ਫਿਰ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 104 ਰੁਪਏ ਪ੍ਰਤੀ ਸਿਲੰਡਰ ਵਧਾਈ ਗਈ ਸੀ। ਇਸ ਤੋਂ ਬਾਅਦ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 2,355 ਰੁਪਏ ਪ੍ਰਤੀ ਸਿਲੰਡਰ ਹੋ ਗਈ। ਇਸ ਦੇ ਨਾਲ ਹੀ ਘਰੇਲੂ 14.2 ਕਿਲੋਗ੍ਰਾਮ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ 'ਚ ਇਸ ਦੀ ਕੀਮਤ 1053 ਰੁਪਏ ਹੈ। ਪਿਛਲੇ ਮਹੀਨੇ ਇਸ ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਕੋਲਕਾਤਾ ਵਿਚ ਇਸ ਦੀ ਕੀਮਤ 1079 ਰੁਪਏ, ਮੁੰਬਈ ਵਿਚ 1052.5 ਰੁਪਏ ਅਤੇ ਚੇਨਈ ਵਿਚ 1068.5 ਰੁਪਏ ਹੈ।