ਜਲੰਧਰ ’ਚ ਵਾਪਰਿਆ ਭਿਆਨਕ ਹਾਦਸਾ: ਗੈਸ ਸਿਲੰਡਰ ਫਟਣ ਕਾਰਨ 2 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਸ਼ਮਦੀਦਾਂ ਮੁਤਾਬਕ ਧਮਾਕਾ ਬਹੁਤ ਜ਼ਬਰਦਸਤ ਸੀ, ਜਿਸ ਵਿਚ 2 ਵਿਅਕਤੀਆਂ ਦੇ ਚੀਥੜੇ ਉੱਡ ਗਏ।

Cylinder blast at jalandhar



ਚੰਡੀਗੜ੍ਹ: ਜਲੰਧਰ-ਫ਼ਿਰੋਜ਼ਪੁਰ ਰੇਲਵੇ ਲਾਈਨ 'ਤੇ ਲੋਹੀਆਂ ਨੇੜੇ ਵੈਲਡਿੰਗ ਲਈ ਵਰਤੇ ਜਾ ਰਹੇ ਸਿਲੰਡਰ 'ਚ ਧਮਾਕਾ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ ਇੱਥੇ ਰੇਲਵੇ ਲਾਈਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਵੈਲਡਿੰਗ ਕਰਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਸਿਲੰਡਰ ਫਟ ਗਿਆ। ਚਸ਼ਮਦੀਦਾਂ ਮੁਤਾਬਕ ਧਮਾਕਾ ਬਹੁਤ ਜ਼ਬਰਦਸਤ ਸੀ, ਜਿਸ ਵਿਚ 2 ਵਿਅਕਤੀਆਂ ਦੇ ਚੀਥੜੇ ਉੱਡ ਗਏ।

Cylinder blast at jalandhar

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਡਵੀਜ਼ਨ ਵਿਚ ਪੁਰਾਣੀਆਂ ਲਾਈਨਾਂ ਨੂੰ ਬਦਲਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀ ਲਾਈਨ 'ਤੇ ਲੋਹੀਆਂ-ਮੱਖੂ ਵਿਚਕਾਰ ਕੰਮ ਚੱਲ ਰਿਹਾ ਹੈ। ਜਲੰਧਰ ਦੇ ਜੀਆਰਪੀ ਇੰਚਾਰਜ ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਰੇਲਵੇ ਲਾਈਨਾਂ ਦਾ ਕੰਮ ਐਪੈਕਸ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਹੈ। ਉਸ ਦੇ ਦੋ ਮੁਲਾਜ਼ਮ ਰੇਲਵੇ ਲਾਈਨ ਲਈ ਗਾਰਡ ਕੱਟ ਰਹੇ ਸਨ। ਇਸ ਦੌਰਾਨ ਵੈਲਡਿੰਗ ਲਈ ਵਰਤਿਆ ਜਾਣ ਵਾਲਾ ਗੈਸ ਦਾ ਵੱਡਾ ਸਿਲੰਡਰ ਫਟ ਗਿਆ। ਥਾਣਾ ਇੰਚਾਰਜ ਘੁੰਮਣ ਨੇ ਦੱਸਿਆ ਕਿ ਇਸ ਵਿਚ ਐਪੈਕਸ ਕੰਪਨੀ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਮਨੋਜ ਕੁਮਾਰ ਵਾਸੀ ਲਖੀਮਪੁਰ ਖੇੜੀ (ਉੱਤਰ ਪ੍ਰਦੇਸ਼) ਅਤੇ ਰਾਮਸੁਖ ਵਾਸੀ ਬਸਤੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਦੋਵੇਂ ਵਾਸੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਟੀਮ ਜਾਂਚ 'ਚ ਜੁਟੀ ਹੋਈ ਹੈ।