ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੇ ਪ੍ਰਧਾਨ ਬਣੇ ਆਰ. ਮਾਧਵਨ, ਅਨੁਰਾਗ ਠਾਕੁਰ ਨੇ ਦਿਤੀ ਵਧਾਈ
ਕੁੱਝ ਦਿਨ ਪਹਿਲਾਂ ਹੀ ਮਾਧਵਨ ਦੀ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ।
ਨਵੀਂ ਦਿੱਲੀ: ਅਦਾਕਾਰ ਆਰ. ਮਾਧਵਨ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਮੇਕਰ ਸ਼ੇਖਰ ਕਪੂਰ ਇਸ ਅਹੁਦੇ 'ਤੇ ਸਨ। ਉਨ੍ਹਾਂ ਦਾ ਕਾਰਜਕਾਲ 3 ਮਾਰਚ 2023 ਨੂੰ ਖਤਮ ਹੋ ਗਿਆ ਸੀ। ਮਾਧਵਨ ਦੀ ਨਿਯੁਕਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੀਤੀ ਹੈ। ਮੰਤਰਾਲੇ ਨੇ ਇਸ ਸਬੰਧੀ ਇਕ ਪ੍ਰੈਸ ਬਿਆਨ ਵੀ ਜਾਰੀ ਕੀਤਾ। ਅਨੁਰਾਗ ਠਾਕੁਰ ਨੇ ਵੀ ਆਰ. ਮਾਧਵਨ ਨੂੰ ਸ਼ੁਭਕਾਮਨਾਵਾਂ ਦਿਤੀਆਂ ਹਨ। ਅਦਾਕਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਕੁੱਝ ਦਿਨ ਪਹਿਲਾਂ ਹੀ ਮਾਧਵਨ ਦੀ ਫਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਲਿਖਿਆ, “ਐਫ.ਟੀ.ਆਈ.ਆਈ. ਦੇ ਪ੍ਰਧਾਨ ਅਤੇ ਗਵਰਨਿੰਗ ਕੌਂਸਲ ਦੇ ਚੇਅਰਮੈਨ ਵਜੋਂ ਨਾਮਜ਼ਦ ਹੋਣ 'ਤੇ ਆਰ. ਮਾਧਵਨ ਨੂੰ ਹਾਰਦਿਕ ਵਧਾਈ। ਮੈਨੂੰ ਉਮੀਦ ਹੈ ਕਿ ਸੰਸਥਾ ਤੁਹਾਡੇ ਤਜਰਬੇ ਦਾ ਲਾਭ ਉਠਾਏਗੀ। ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਸੰਸਥਾ ਨੂੰ ਹੋਰ ਉਚਾਈਆਂ ਤਕ ਲੈ ਕੇ ਜਾਓਗੇ”।
ਅਦਾਕਾਰ ਨੇ ਵੀ ਅਨੁਰਾਗ ਠਾਕੁਰ ਦੇ ਇਸ ਟਵੀਟ ਦਾ ਜਵਾਬ ਦਿਤਾ। ਉਨ੍ਹਾਂ ਲਿਖਿਆ, “ਮੈਂ ਇਸ ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਸਾਰਿਆਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ”।
ਆਰ. ਮਾਧਵਨ ਦੀ ਫਿਲਮ ਰਾਕੇਟਰੀ: ਦ ਨੰਬੀ ਇਫੈਕਟ ਨੂੰ ਸਰਬੋਤਮ ਫਿਲਮ (2021) ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਇਹ ਫਿਲਮ ਇਸਰੋ ਦੇ ਸਾਬਕਾ ਵਿਗਿਆਨੀ ਨੰਬੀ ਨਰਾਇਣਨ ਦੇ ਜੀਵਨ ਸੰਘਰਸ਼ ਦੀ ਕਹਾਣੀ ਹੈ। ਫਿਲਮ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਨੰਬੀ ਨਾਰਾਇਣਨ 'ਤੇ ਦੇਸ਼ਧ੍ਰੋਹ ਦਾ ਦੋਸ਼ ਲੱਗਿਆ ਅਤੇ ਉਹ ਕਿਵੇਂ ਇਸ ਤੋਂ ਮੁਕਤ ਹੋ ਕੇ ਪੀ.ਐਸ.ਐਲ.ਵੀ. ਦਾ ਇੰਜਣ ਬਣਾਉਂਦੇ ਹਨ।