ਤੇਲੰਗਾਨਾ ’ਚ ਮੀਂਹ ਕਾਰਨ 9 ਲੋਕਾਂ ਦੀ ਮੌਤ, ਹੜ੍ਹਾਂ ਨੇ ਮਚਾਈ ਭਾਰੀ ਤਬਾਹੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਅਗਲੇ 24 ਘੰਟਿਆਂ ਲਈ ਚੌਕਸ ਰਹਿਣ ਲਈ ਕਿਹਾ

Floods

ਹੈਦਰਾਬਾਦ : ਤੇਲੰਗਾਨਾ ’ਚ ਮੀਂਹ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ’ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ ਹੈਦਰਾਬਾਦ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਐਤਵਾਰ ਨੂੰ ਭਾਰੀ ਮੀਂਹ ਜਾਰੀ ਰਿਹਾ। ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਸੂਬੇ ’ਚ ਲਗਾਤਾਰ ਮੀਂਹ ਦੇ ਮੱਦੇਨਜ਼ਰ ਸਥਿਤੀ ਦੀ ਸਮੀਖਿਆ ਕਰਨ ਲਈ ਇਕ ਐਮਰਜੈਂਸੀ ਬੈਠਕ ਬੁਲਾਈ ਹੈ। 

ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਟੈਲੀਕਾਨਫਰੰਸ ਕੀਤੀ ਅਤੇ ਨਗਰ ਨਿਗਮ ਪ੍ਰਸ਼ਾਸਨ, ਬਿਜਲੀ, ਪੰਚਾਇਤੀ ਰਾਜ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗਲੇ 24 ਘੰਟਿਆਂ ਲਈ ਚੌਕਸ ਰਹਿਣ ਲਈ ਕਿਹਾ। ਮੁੱਖ ਮੰਤਰੀ ਨੇ ਜ਼ਿਲ੍ਹਾ ਕੁਲੈਕਟਰਾਂ, ਐਸ.ਪੀਜ਼., ਮਾਲ, ਸਿੰਚਾਈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਤ ਬਸਤੀਆਂ ਦਾ ਦੌਰਾ ਕਰਨ ਦੇ ਹੁਕਮ ਦਿਤੇ। ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਤ ਇਲਾਕਿਆਂ ’ਚ ਤੁਰਤ ਰਾਹਤ ਉਪਾਅ ਕਰਨ ਦੇ ਹੁਕਮ ਦਿਤੇ ਗਏ ਹਨ। 

ਭਾਰੀ ਮੀਂਹ ਤੋਂ ਬਾਅਦ ਸੂਬੇ ’ਚ ਕਈ ਥਾਵਾਂ ’ਤੇ ਡਰੇਨਾਂ ’ਚ ਪਾਣੀ ਭਰ ਗਿਆ ਹੈ ਅਤੇ ਨੀਵੇਂ ਇਲਾਕਿਆਂ ’ਚ ਹੜ੍ਹ ਆ ਗਿਆ ਹੈ। ਹੜ੍ਹ ਦੇ ਪਾਣੀ ਨੇ ਪਿੰਡਾਂ ਵਿਚਕਾਰ ਸੜਕ ਸੰਪਰਕ ਨੂੰ ਵਿਗਾੜ ਦਿਤਾ ਹੈ। ਭਾਰੀ ਮੀਂਹ ਅਤੇ ਹਵਾਵਾਂ ਦੇ ਪ੍ਰਭਾਵ ਕਾਰਨ ਕਈ ਦਰੱਖਤ ਉਖੜ ਗਏ ਹਨ, ਜਦਕਿ ਕਈ ਦਰੱਖਤਾਂ ਦੀਆਂ ਟਹਿਣੀਆਂ ਸੜਕਾਂ ’ਤੇ ਡਿੱਗ ਗਈਆਂ ਹਨ। 

ਮਾਲ ਮੰਤਰੀ ਪੋਂਗੁਲੇਟੀ ਸ਼੍ਰੀਨਿਵਾਸ ਰੈੱਡੀ ਨੇ ਕਿਹਾ ਕਿ ਸਮੇਂ ਸਿਰ ਸਾਵਧਾਨੀ ਦੇ ਉਪਾਵਾਂ ਦੇ ਨਤੀਜੇ ਵਜੋਂ ਜਾਨ-ਮਾਲ ਦਾ ਨੁਕਸਾਨ ਘੱਟ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਾਵਾਂ ਦੇ ਬਾਵਜੂਦ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਨਾਲ ਸਬੰਧਤ ਵੱਖ-ਵੱਖ ਘਟਨਾਵਾਂ ’ਚ 9 ਲੋਕਾਂ ਦੀ ਮੌਤ ਹੋ ਚੁਕੀ ਹੈ। 

ਪੁਲਿਸ ਨੇ ਦਸਿਆ ਕਿ ਮਹਿਬੂਬਾਬਾਦ ਅਤੇ ਖੰਮਮ ਜ਼ਿਲ੍ਹਿਆਂ ’ਚ ਵੀ ਤਿੰਨ ਵਿਅਕਤੀਆਂ ਦੇ ਵਹਿ ਜਾਣ ਦਾ ਖਦਸ਼ਾ ਹੈ। ਮੰਤਰੀ ਨੇ ਕਿਹਾ ਕਿ ਸੂਰਿਆਪੇਟ, ਭਦਰਦਰੀ ਕੋਠਾਗੁਡੇਮ, ਮਹਿਬੂਬਾਬਾਦ ਅਤੇ ਖੰਮਮ ਜਿਹੇ ਹੋਰ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਤ ਕਈ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। 

ਉਨ੍ਹਾਂ ਨੇ ਦਸਿਆ ਕਿ ਸਾਵਧਾਨੀ ਦੇ ਤੌਰ ’ਤੇ ਕੁੱਝ ਲੋਕਾਂ ਨੂੰ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਖੇਤਰ ਦੇ ਰਾਹਤ ਕੈਂਪਾਂ ’ਚ ਭੇਜਿਆ ਗਿਆ ਹੈ ਕਿਉਂਕਿ ਮੀਂਹ ਕਾਰਨ ਪੁਰਾਣੇ ਮਕਾਨਾਂ ਦੇ ਢਹਿ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਸਥਾਨਕ ਹਾਲਤਾਂ ਅਨੁਸਾਰ 2 ਸਤੰਬਰ ਨੂੰ ਵਿਦਿਅਕ ਸੰਸਥਾਵਾਂ ’ਚ ਛੁੱਟੀ ਦਾ ਐਲਾਨ ਕਰਨ ਲਈ ਕਿਹਾ ਗਿਆ ਹੈ। 

ਦਖਣੀ ਮੱਧ ਰੇਲਵੇ (ਐਸ.ਸੀ.ਆਰ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਭਾਰੀ ਮੀਂਹ ਅਤੇ ਕਈ ਥਾਵਾਂ ’ਤੇ ਪਟੜੀਆਂ ’ਤੇ ਪਾਣੀ ਭਰ ਜਾਣ ਕਾਰਨ 99 ਰੇਲ ਗੱਡੀਆਂ ਰੱਦ ਕਰ ਦਿਤੀ ਆਂ ਗਈਆਂ, ਚਾਰ ਨੂੰ ਅੰਸ਼ਕ ਤੌਰ ’ਤੇ ਰੱਦ ਕਰ ਦਿਤਾ ਗਿਆ, ਜਦਕਿ 54 ਰੇਲ ਗੱਡੀਆਂ ਦਾ ਮਾਰਗ ਬਦਲਿਆ ਗਿਆ। 

ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ ਕਿ ਸੂਬੇ ’ਚ ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਰੈੱਡੀ ਨੇ ਮੀਂਹ ਪ੍ਰਭਾਵਤ ਇਲਾਕਿਆਂ ’ਚ ਸਥਿਤੀ ਦੀ ਸਮੀਖਿਆ ਕੀਤੀ ਅਤੇ ਮੰਤਰੀਆਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਪਾਣੀ ’ਚ ਡੁੱਬੇ ਇਲਾਕਿਆਂ ’ਚ ਕੀਤੇ ਜਾ ਰਹੇ ਰਾਹਤ ਉਪਾਵਾਂ ਬਾਰੇ ਜਾਣਕਾਰੀ ਲਈ। 

ਕੇਂਦਰੀ ਮੰਤਰੀ ਬੰਡੀ ਸੰਜੇ ਕੁਮਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ‘ ’ਤੇ ਇਕ ਪੋਸਟ ’ਚ ਕਿਹਾ, ‘‘ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੇਲੰਗਾਨਾ ਦੇ ਖੰਮਮ ’ਚ ਗੰਭੀਰ ਸਥਿਤੀ ਬਾਰੇ ਜਾਣਕਾਰੀ ਦਿਤੀ ਅਤੇ ਦਸਿਆ ਕਿ ਜ਼ਿਲ੍ਹੇ ਦੇ 110 ਪਿੰਡ ਪਾਣੀ ’ਚ ਡੁੱਬੇ ਹੋਏ ਹਨ, 9 ਲੋਕ ਪ੍ਰਕਾਸ਼ ਨਗਰ ਪਹਾੜੀ ’ਤੇ ਫਸੇ ਹੋਏ ਹਨ, 68 ਲੋਕ ਪਾਲੇਰ ਹਲਕੇ ’ਚ ਅਜਮੀਰਾ ਥੰਡਾ ਪਹਾੜੀ ’ਤੇ ਫਸੇ ਹੋਏ ਹਨ ਅਤੇ 42 ਹੋਰ ਇਮਾਰਤਾਂ ’ਚ ਫਸੇ ਹੋਏ ਹਨ ਹਨ।’’

ਕੁਮਾਰ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਹੁਕਮਾਂ ਤੋਂ ਬਾਅਦ ਚੇਨਈ, ਵਿਸ਼ਾਖਾਪਟਨਮ ਅਤੇ ਅਸਾਮ ਤੋਂ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਤਿੰਨ-ਤਿੰਨ ਟੀਮਾਂ ਤੇਲੰਗਾਨਾ ਭੇਜੀਆਂ ਗਈਆਂ ਹਨ। ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਬਚਾਅ ਕਾਰਜਾਂ ’ਚ ਤਾਲਮੇਲ ਕਰਨ ਲਈ ਐਨ.ਡੀ.ਆਰ.ਐਫ. ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਤੇਲੰਗਾਨਾ ਦੇ ਮਾਲ ਮੰਤਰੀ ਪੋਂਗੁਲੇਟੀ ਸ਼੍ਰੀਨਿਵਾਸ ਰੈੱਡੀ ਨਾਲ ਸਥਿਤੀ ਅਤੇ ਚੱਲ ਰਹੇ ਬਚਾਅ ਕਾਰਜਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। 

ਮਹਿਬੂਬਾਬਾਦ ਜ਼ਿਲ੍ਹੇ ਦੇ ਮਾਰੀਪੇਡਾ ਮੰਡਲ ’ਚ ਐਤਵਾਰ ਤੜਕੇ ਇਕ ਔਰਤ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦੇ ਪਿਤਾ ਨੂੰ ਲੈ ਕੇ ਜਾ ਰਹੀ ਕਾਰ ਨਦੀ ਪਾਰ ਕਰਦੇ ਸਮੇਂ ਵਹਿ ਗਈ। ਪੁਲਿਸ ਨੇ ਦਸਿਆ ਕਿ ਗੱਡੀ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਔਰਤ ਦੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਅਧਿਕਾਰੀਆਂ ਨੇ ਦਸਿਆ ਕਿ ਇਕ ਹੋਰ ਘਟਨਾ ’ਚ ਖੰਮਮ ਜ਼ਿਲ੍ਹੇ ਦੇ ਕੁਸੁਮਾਂਚੀ ਮੰਡਲ ’ਚ ਇਕ ਘਰ ਦੀ ਕੰਧ ਡਿੱਗਣ ਨਾਲ ਇਕੋ ਪਰਵਾਰ ਦੇ ਦੋ ਮੈਂਬਰਾਂ ਦੇ ਹੜ੍ਹ ਦੇ ਪਾਣੀ ’ਚ ਵਹਿ ਜਾਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਮੌਸਮ ਕੇਂਦਰ ਨੇ ਐਤਵਾਰ ਨੂੰ ਕਿਹਾ ਕਿ ਤੇਲੰਗਾਨਾ ਦੇ ਆਦਿਲਾਬਾਦ, ਨਿਜ਼ਾਮਾਬਾਦ, ਰਾਜਨਾ ਸਿਰਸੀਲਾ, ਯਾਦਾਦਰੀ ਭੁਵਨਗਿਰੀ, ਵਿਕਾਰਾਬਾਦ, ਸੰਗਾਰੈਡੀ, ਕਾਮਾਰੈਡੀ ਅਤੇ ਮਹਿਬੂਬਨਗਰ ਜ਼ਿਲ੍ਹਿਆਂ ’ਚ ਐਤਵਾਰ ਦੁਪਹਿਰ 13:00 ਵਜੇ ਤੋਂ 2 ਸਤੰਬਰ ਸਵੇਰੇ 8:30 ਵਜੇ ਤਕ ਵੱਖ-ਵੱਖ ਥਾਵਾਂ ’ਤੇ ਬਹੁਤ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਭਵਿੱਖਬਾਣੀ ਲਈ ‘ਰੈੱਡ ਅਲਰਟ‘ ਜਾਰੀ ਕੀਤਾ ਗਿਆ ਹੈ। 

ਐਸ.ਸੀ.ਆਰ. ਅਧਿਕਾਰੀ ਨੇ ਦਸਿਆ ਕਿ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ’ਚ ਪਿਛਲੇ 24 ਘੰਟਿਆਂ ’ਚ ਲਗਾਤਾਰ ਮੀਂਹ ਪੈਣ ਕਾਰਨ ਕਾਜ਼ੀਪੇਟ ਤੋਂ ਵਿਜੇਵਾੜਾ ਸੈਕਸ਼ਨ ’ਚ ਹੜ੍ਹ ਅਤੇ ਤਰੇੜਾਂ ਪੈ ਗਈਆਂ ਅਤੇ ਪੰਜ ਰੇਲ ਗੱਡੀਆਂ ਫਸ ਗਈਆਂ, ਜਦਕਿ ਅਧਿਕਾਰੀਆਂ ਨੇ 15 ਰੇਲ ਗੱਡੀਆਂ ਦਾ ਮਾਰਗ ਬਦਲ ਦਿਤਾ। ਮਹਿਬੂਬਾਬਾਦ ਜ਼ਿਲ੍ਹੇ ਦੇ ਕੇਸਮੁਦਰਮ ਨੇੜੇ ਹੜ੍ਹ ਦੇ ਪਾਣੀ ਵਿਚ ਰੇਲਵੇ ਟਰੈਕ ਦੇ ਹੇਠਾਂ ਬਜਰੀ ਦਾ ਇਕ ਹਿੱਸਾ ਵਹਿ ਗਿਆ, ਜਿਸ ਕਾਰਨ ਕੇਸਮੁਦਰਮ ਰੇਲਵੇ ਸਟੇਸ਼ਨ ’ਤੇ ਇਕ ਰੇਲ ਗੱਡੀ ਵਿਚ ਸਵਾਰ ਮੁਸਾਫ਼ਰ ਫਸ ਗਏ। 

ਭਾਰੀ ਮੀਂਹ ਤੋਂ ਬਾਅਦ ਕੁੱਝ ਜ਼ਿਲ੍ਹਿਆਂ ’ਚ ਛੋਟੀਆਂ ਨਦੀਆਂ ਉਫਾਨ ’ਤੇ ਹਨ ਅਤੇ ਹੜ੍ਹ ਦੇ ਪਾਣੀ ਨੇ ਪਿੰਡਾਂ ਵਿਚਕਾਰ ਸੜਕ ਸੰਚਾਰ ’ਚ ਵਿਘਨ ਪਾਇਆ ਹੈ। ਹੈਦਰਾਬਾਦ ’ਚ ਰਾਤ ਭਰ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰ ਗਿਆ। ਤੇਲੰਗਾਨਾ ਦੇ ਕਈ ਹਿੱਸਿਆਂ ’ਚ ਸਨਿਚਰਵਾਰ ਨੂੰ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ, ਜਿਸ ਨਾਲ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਕੁੱਝ ਥਾਵਾਂ ’ਤੇ ਪਿੰਡਾਂ ਵਿਚਾਲੇ ਸੜਕ ਸੰਚਾਰ ਪ੍ਰਭਾਵਤ ਹੋਇਆ। 

ਵਰਚੁਅਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਅਗਲੇ 24 ਘੰਟਿਆਂ ਲਈ ਚੌਕਸ ਰਹਿਣ ਲਈ ਕਿਹਾ ਹੈ। ਰੈਡੀ ਨੇ ਜ਼ਿਲ੍ਹਾ ਕੁਲੈਕਟਰਾਂ, ਪੁਲਿਸ ਸੁਪਰਡੈਂਟਾਂ, ਮਾਲ, ਸਿੰਚਾਈ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਤ ਬਸਤੀਆਂ ਦਾ ਦੌਰਾ ਕਰਨ ਦੇ ਹੁਕਮ ਦਿਤੇ। ਮਹੱਤਵਪੂਰਨ ਵਿਭਾਗਾਂ ਦੇ ਸਾਰੇ ਅਧਿਕਾਰੀਆਂ ਨੂੰ ਅਪਣੀਆਂ ਛੁੱਟੀਆਂ ਰੱਦ ਕਰਨ ਅਤੇ ਮੀਂਹ ਪ੍ਰਭਾਵਤ ਜ਼ਿਲ੍ਹਿਆਂ ’ਚ ਤੁਰਤ ਬਚਾਅ ਅਤੇ ਰਾਹਤ ਕਾਰਜਾਂ ’ਚ ਸ਼ਾਮਲ ਹੋਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।