ਸਮੁੱਚੇ ਸਿੱਖ ਜਗਤ ਵਲੋਂ ਭਾਈ ਰਾਜੋਆਣਾ ਦੀ ਫਾਂਸੀ ਉਮਰ ਕੈਦ ਵਿਚ ਬਦਲਣ ਦਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਵਲੋਂ ਸਾਰੀਆਂ ਜਥੇਬੰਦੀਆਂ ਦਾ ਧਨਵਾਦ

Balwant Singh Rajoana

ਚੰਡੀਗੜ੍ਹ  (ਐਸ.ਐਸ. ਬਰਾੜ): ਕੇਂਦਰ ਸਰਕਾਰ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਅਤੇ 8 ਹੋਰ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਦਾ ਸਮੁੱਚੇ ਸਿੱਖ ਜਗਤ ਨੇ ਸਵਾਗਤ ਕੀਤਾ ਹੈ ਅਤੇ ਕਿਸੇ ਵੀ ਜਥੇਬੰਦੀ ਨੇ ਇਸ 'ਤੇ ਨੁਕਤਾਚੀਨੀ ਨਹੀਂ ਕੀਤੀ ਪ੍ਰੰਤੂ ਕਾਂਗਰਸ ਪਾਰਟੀ ਦੇ ਐਮ.ਪੀ. ਰਵਨੀਤ ਸਿੰਘ ਬਿੱਟੂ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਇਸ ਉਪਰ ਕਿੰਤੂ ਪ੍ਰੰਤੂ ਜ਼ਰੂਰ ਕੀਤੇ ਹਨ। ਸ. ਬਿੱਟੂ ਸਵਰਗੀ ਬੇਅੰਤ ਸਿੰਘ ਦੇ ਪੋਤਰੇ ਹਨ। ਬੇਅੰਤ ਸਿੰਘ ਦੇ ਕਤਲ ਕੇਸ ਵਿਚ ਹੀ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਹੋਈ ਜਿਸ ਉਪਰ ਬਾਅਦ ਵਿਚ ਰਾਸ਼ਟਰਪਤੀ ਨੇ ਰੋਕ ਲਗਾ ਦਿਤੀ ਸੀ।

ਜਿਥੋਂ ਤਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਬੰਧ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਭਾਈ ਰਾਜੋਆਣਾ ਅਤੇ ਹੋਰ ਸਿੱਖ ਕੈਦੀਆਂ ਸਬੰਧੀ ਕੇਂਦਰ ਸਰਕਾਰ ਦੇ ਫ਼ੈਸਲੇ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ। ਉਨ੍ਹਾਂ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਵਲੋਂ ਪੁਛੇ ਜਾਣ 'ਤੇ ਕਿਹਾ ਕਿ ਪੰਜਾਬ ਸਰਕਾਰ ਨੇ 17 ਸਿੱਖ ਕੈਦੀਆਂ ਦੀ ਸੂਚੀ ਕੇਂਦਰ ਸਰਕਾਰ ਵਲੋਂ ਮੰਗੇ ਜਾਣ 'ਤੇ ਜ਼ਰੂਰ ਭੇਜੀ ਸੀ। ਉਸ ਵਿਚ ਭਾਈ ਰਾਜੋਆਣਾ ਦਾ ਨਾਮ ਵੀ ਸੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਫਾਂਸੀ ਦੀ ਸਜ਼ਾ ਦੇ ਹੱਕ ਵਿਚ ਨਹੀਂ।

ਰਵਨੀਤ ਸਿੰਘ ਬਿੱਟੂ ਨੇ ਤਾਂ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿਚ ਅਤਿਵਾਦ ਨੂੰ ਉਤਸ਼ਾਹ ਮਿਲੇਗਾ। ਕੇਂਦਰ ਸਰਕਾਰ ਪੰਜਾਬ ਦੇ ਹਾਲਾਤ ਮੁੜ ਖ਼ਰਾਬ ਕਰਨ ਲਈ ਹੀ ਇਹ ਕੁੱਝ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਇਹ ਫ਼ੈਸਲਾ ਬਹੁਤ ਸਹਾਈ ਹੋਵੇਗਾ।

ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਸਮੁੱਚੇ ਸਿੱਖ ਜਗਤ ਅਤੇ ਸਿੱਖ ਜਥੇਬੰਦੀਆਂ ਦੇ ਤਹਿ ਦਿਲੋਂ ਧਨਵਾਦੀ ਹਨ ਜਿਨ੍ਹਾਂ ਨੇ ਇਸ ਕੇਸ ਵਿਚ ਉਨ੍ਹਾਂ ਦਾ ਸਾਥ ਦਿਤਾ। ਉਨ੍ਹਾਂ ਕੇਂਦਰ ਸਰਕਾਰ, ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਨਿਭਾਈ ਭੂਮਿਕਾ ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਕੋਈ ਅਪਰਾਧੀ ਨਹੀਂ ਸੀ ਜਿਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਉਪਰ ਫ਼ੌਜ ਨੇ ਹਮਲਾ ਕੀਤਾ, ਹਜ਼ਾਰਾਂ ਬੇਕਸੂਰਾਂ ਦਾ ਕਤਲ ਕੀਤਾ, ਅਕਾਲ ਤਖ਼ਤ ਢਹਿ ਢੇਰੀ ਕੀਤਾ ਅਤੇ ਕਾਂਗਰਸ ਨੇ ਜਿਸ ਤਰ੍ਹਾਂ ਸਿੱਖਾਂ ਦਾ ਕਤਲੇਆਮ ਕਰਵਾਇਆ।

ਘਟਨਾਵਾਂ ਨੂੰ ਵੇਖ ਕੇ ਉਨ੍ਹਾਂ ਦੇ ਭਰਾ ਬਲਵੰਤ ਰਾਜੋਆਣਾ, ਬਰਦਾਸ਼ਤ ਨਾ ਕਰ ਸਕੇ। ਜਿਸ ਤਰ੍ਹਾਂ ਬੇਅੰਤ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਵਿਚ ਪੁਲਿਸ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਫੜ ਫੜ ਕੇ ਮਾਰ ਮੁਕਾਇਆ ਇਨ੍ਹਾਂ ਘਟਨਾਵਾਂ ਨੇ ਭਾਈ ਰਾਜੋਆਣਾ ਦੀ ਗ਼ੈਰਤ ਨੂੰ ਵਲੂੰਧਰ ਦਿਤਾ ਅਤੇ ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਦਾ ਬਦਲਾ ਲੈਣ ਲਈ ਹੀ ਇਹ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਵਾਰ ਇਕ ਸਾਧਾਰਣ ਪ੍ਰਵਾਰ ਹੈ। ਪਿਛਲੇ 24 ਸਾਲਾਂ ਵਿਚ ਉਨ੍ਹਾਂ ਨੇ ਬੜੇ ਤਸੀਹੇ ਅਤੇ ਦੁੱਖ ਝੱਲੇ ਹਨ। ਹੁਣ ਉਹ ਚਾਹੁੰਦੇ ਹਨ ਕਿ ਭਾਈ ਰਾਜੋਆਣਾ ਦੀ ਰਿਹਾਈ ਬਿਨਾਂ ਦੇਰੀ ਹੋਵੇ। ਉਹ ਪਹਿਲਾਂ ਹੀ ਲਗਭਗ 24 ਸਾਲ ਦੀ ਸਜ਼ਾ ਭੁਗਤ ਚੁਕੇ ਹਨ। ਇਕ ਦਿਨ ਵੀ ਉਨ੍ਹਾਂ ਨੂੰ ਪੈਰੋਲ ਨਹੀਂ ਮਿਲੀ। ਇਤਨੀ ਲੰਮੀ ਜੇਲ ਤਾਂ ਉਨ੍ਹਾਂ ਕਾਤਲਾਂ ਨੂੰ ਵੀ ਨਹੀਂ ਮਿਲੀ। ਜਿਨ੍ਹਾਂ ਨੇ ਸੈਂਕੜੇ ਬੇਕਸੂਰ ਸਿੱਖਾਂ ਦਾ ਕਤਲ ਕੀਤਾ।

ਇਥੇ ਇਹ ਦਸਣਾਯੋਗ ਹੋਵੇਗਾ ਕਿ 1995 ਵਿਚ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਪੰਜਾਬ ਦੇ ਸਕੱਤਰੇਤ ਵਿਚ ਅਪਣੇ ਦਫ਼ਤਰ ਤੀ ਬਾਹਰ ਨਿਕਲਣ ਸਮੇਂ ਬੰਬ ਨਾਲ ਉਡਾ ਦਿਤਾ ਗਿਆ। ਉਨ੍ਹਾਂ ਨਾਲ ਕਈ ਹੋਰ ਮੁਲਾਜ਼ਮ ਵੀ ਮਾਰੇ ਗਏ ਸਨ। ਭਾਈ ਰਾਜੋਆਣਾ ਨੂੰ 22 ਦਸੰਬਰ, 1995 ਨੂੰ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ। 12 ਸਾਲ ਦੀ ਲੰਬੀ ਅਦਾਲਤੀ ਪ੍ਰਕਿਰਿਆ ਬਾਅਦ ਚੰਡੀਗੜ੍ਹ ਦੀ ਸੈਸ਼ਨ ਅਦਾਲਤ ਨੇ 31 ਜੁਲਾਈ 2007 ਨੂੰ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਸਜ਼ਾ ਵਿਰੁਧ ਅਪੀਲ ਕਰਨ ਲਈ ਭਾਈ ਰਾਜੋਆਣਾ ਨੂੰ 7 ਦਿਨ ਦਾ ਸਮਾਂ ਦਿਤਾ ਗਿਆ। ਪ੍ਰੰਤੂ ਉਨ੍ਹਾਂ ਨੇ ਹਾਈ ਕੋਰਟ ਵਿਚ ਅਪੀਲ ਕਰਨ ਤੋਂ ਇਨਕਾਰ ਕਰ ਦਿਤਾ। ਪ੍ਰੰਤੂ ਉਨ੍ਹਾਂ ਦੇ ਸਾਥੀਆਂ ਵਲੋਂ ਅਪੀਲ ਕਰਨ 'ਤੇ ਉਨ੍ਹਾਂ ਦੀਆਂ ਸਜ਼ਾਵਾਂ ਉਮਰ ਕੈਦ ਵਿਚ ਬਦਲ ਦਿਤੀਆਂ ਗਈਆਂ। ਪ੍ਰੰਤੂ ਰਾਜੋਆਣਾ ਦੀ ਫਾਂਸੀ ਸਜ਼ਾ ਬਹਾਲ ਰਹੀ।

ਭਾਈ ਰਾਜੋਆਣਾ ਨੇ ਬਲਕਿ ਇਹ ਕਹਿ ਦਿਤਾ ਕਿ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਪ੍ਰਵਾਨ ਹੈ। ਉਹ ਅਪੀਲ ਨਹੀਂ ਕਰਨਗੇ। ਅਖ਼ੀਰ ਹਾਈ ਕੋਰਟ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਬਰਕਰਾਰ ਰਖਣ ਲਈ 11 ਅਕਤੂਬਰ 2010 ਨੂੰ ਹੁਕਮ ਸੁਣਾ ਦਿਤਾ। ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਸਵੇਰੇ ਸਾਢੇ 9 ਵਜੇ ਫਾਂਸੀ ਦੇਣ ਦਾ ਸਮਾਂ ਤਹਿ ਹੋਇਆ। ਵੱਖ ਵੱਖ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਪਣੀ ਅਪੀਲ ਪਾ ਦੇਣ ਪ੍ਰੰਤੂ ਉਹ ਨਾ ਮੰਨੇ ਅਤੇ ਅਖ਼ੀਰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰਪਤੀ ਕੋਲ ਅਪੀਲ ਪਾਈ ਕਿ ਭਾਈ ਰਾਜੋਆਣਾ ਦੀ ਫਾਂਸੀ ਉਪਰ ਰੋਕ ਲਗਾਈ ਜਾਵੇ। ਰਾਸ਼ਟਰਪਤੀ ਨੇ 28 ਮਾਰਚ 2012 ਨੂੰ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਫਾਂਸੀ ਦੀ ਸਜ਼ਾ ਉਪਰ ਰੋਕ ਲਗਾ ਦਿਤੀ ਅਤੇ ਹੁਣ 29 ਸਤੰਬਰ 2019 ਨੂੰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਉਪਰ ਕੈਦ ਵਿਚ ਤਬਦੀਲ ਕਰ ਦਿਤੀ ਹੈ।