ਦਿੱਲੀ ਪੁਲਿਸ ਨੇ ਗੈਂਗਸਟਰ ਨੀਰਜ ਬਵਾਨਾ ਦੇ ਪਿਤਾ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਜ਼ਿੰਦਾ ਕਾਰਤੂਸ ਸਮੇਤ ਚਾਰ ਦੇਸੀ ਪਿਸਤੌਲ ਬਰਾਮਦ ਕੀਤੇ ਹਨ
ਨਵੀਂ ਦਿੱਲੀ: ਜੇਲ੍ਹ 'ਚ ਬਦਨਾਮ ਗੈਂਗਸਟਰ ਨੀਰਜ ਬਵਾਨਾ ਦੇ ਪਿਤਾ ਨੂੰ ਨਾਜਾਇਜ਼ ਪਿਸਤੌਲ ਅਤੇ ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਦਿੱਲੀ ਜੇਲ੍ਹ ਵਿਚ ਬੰਦ ਨੀਰਜ ਬਵਾਨਾ ਅਤੇ ਉਸ ਦੇ ਗਿਰੋਹ ਦੇ ਕੁਝ ਮੈਂਬਰ ਇਸ ਸਮੇਂ ਕਤਲ ਅਤੇ ਜਬਰੀ ਵਸੂਲੀ ਦੇ ਕਈ ਮਾਮਲਿਆਂ ਵਿਚ ਤਿਹਾੜ ਜੇਲ੍ਹ ਵਿਚ ਬੰਦ ਹਨ।
ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਜ਼ਿੰਦਾ ਕਾਰਤੂਸ ਸਮੇਤ ਚਾਰ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਇਕ ਬੁਲੇਟਪਰੂਫ ਵਾਹਨ ਸਮੇਤ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਦੱਸ ਦਈਏ ਕਿ ਰਾਸ਼ਟਰੀ ਜਾਂਚ ਏਜੰਸੀ ਨੇ ਪਿਛਲੇ ਹਫਤੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ 'ਚ ਦਿੱਲੀ ਦੇ ਬਦਨਾਮ ਗੈਂਗਸਟਰ ਨੀਰਜ ਬਵਾਨਾ ਸਮੇਤ ਅਪਰਾਧਿਕ ਸਿੰਡੀਕੇਟ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਨੀਰਜ ਬਵਾਨਾ ਗੈਂਗ 'ਤੇ ਦਿੱਲੀ-ਐੱਨਸੀਆਰ, ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ 'ਚ ਕਤਲ, ਧਮਕਾਉਣ, ਫਿਰੌਤੀ ਸਮੇਤ ਹੋਰ ਗੰਭੀਰ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦੋਸ਼ ਹੈ।