'ਚੋਣਾਂ ਆਉਂਦੇ ਹੀ ਜਪਣ ਲੱਗ ਜਾਂਦੇ ਹਨ ਗਰੀਬ, ਗਰੀਬ, ਗਰੀਬ ਦੀ ਮਾਲਾ', ਮੋਦੀ ਦਾ ਵਿਰੋਧੀਆਂ 'ਤੇ ਤਨਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਹਮਲਾ ਬੋਲਿਆ

Narendra Modi

ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਦੇ ਚਲਦਿਆਂ ਬਿਹਾਰ ਵਿਚ ਰੈਲੀਆਂ ਦਾ ਦੌਰ ਜਾਰੀ ਹੈ। ਇਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਮਸਤੀਪੁਰ ਵਿਚ ਜਨਸਭਾ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਕ ਪਾਸੇ ਲੋਕਤੰਤਰ ਲਈ ਸਮਰਪਿਤ ਐਨਡੀਏ ਗਠਜੋੜ ਹੈ ਤਾਂ ਦੂਜੇ ਪਾਸੇ ਪਰਿਵਾਰਕ ਗਠਜੋੜ ਹੈ। 

ਉਹਨਾਂ ਕਿਹਾ ਕਿ ਕੋਰੋਨਾ ਕਾਰਨ ਲਾਗੂ ਪਾਬੰਧੀਆਂ ਦੌਰਾਨ ਵੀ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਆਉਣਾ ਅਤੇ ਲੋਕਾਂ ਦਾ ਉਤਸ਼ਾਹ ਸਾਫ਼ ਦੱਸ ਰਿਹਾ ਹੈ ਕਿ ਨਤੀਜੇ ਕੀ ਹੋਣਗੇ। ਉਹਨਾਂ ਕਿਹਾ ਕਿ ਜੇਕਰ ਅੱਜ ਹਰ ਮੁਲਾਂਕਣ, ਹਰ ਸਰਵੇਖਣ ਐਨਡੀਏ ਦੀ ਜਿੱਤ ਦਾ ਦਾਅਵਾ ਕਰ ਰਿਹਾ ਹੈ ਤਾਂ ਉਸ ਦੇ ਪਿੱਛੇ ਠੋਸ ਅਤੇ ਮਜ਼ਬੂਤ ਕਾਰਨ ਹਨ।

ਵਿਰੋਧੀਆਂ 'ਤੇ ਹਮਲਾ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਗਰੀਬ ਦੀ ਪਰੇਸ਼ਾਨੀ, ਉਸ ਦੀ ਮੁਸੀਬਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹਨਾਂ ਨੂੰ ਗਰੀਬ ਸਿਰਫ਼ ਚੋਣਾਂ ਦੌਰਾਨ ਹੀ ਯਾਦ ਆਉਂਦੇ ਹਨ। ਜਦੋਂ ਚੋਣਾਂ ਆਉਂਦੀਆਂ ਹਨ ਤਾਂ ਇਹ ਮਾਲਾ ਜਪਣੀ ਸ਼ੁਰੂ ਕਰ ਦਿੰਦੇ ਹਨ-ਗਰੀਬ, ਗਰੀਬ, ਗਰੀਬ... ਜਦੋਂ ਚੋਣ ਪੂਰੀ ਹੁੰਦੀ ਤਾਂ ਅਪਣੇ ਪਰਿਵਾਰ ਨਾਲ ਬੈਠ ਜਾਂਦੇ ਹਨ।

ਪੀਐਮ ਮੋਦੀ ਨੇ ਕਿਹਾ ਕਿ ਸਾਡੀਆਂ ਮਾਤਾਵਾਂ ਤੇ ਭੈਣਾਂ ਐਨਡੀਏ ਦੀ ਸਰਕਾਰ ਫਿਰ ਤੋਂ ਬਣਾ ਰਹੀਆਂ ਹਨ। ਇਹਨਾਂ ਨੂੰ ਨਿਤਿਸ਼ ਸਰਕਾਰ ਨੇ ਸਹੂਲਤਾਂ ਤੇ ਮੌਕਿਆਂ ਨਾਲ ਜੋੜਿਆ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਪੀਐਮ ਮੋਦੀ ਵੱਲੋਂ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਸਮਰਥਨ ਵਿਚ ਚਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ।