ਸੁਪਰੀਮ ਕੋਰਟ ਨੇ EVM ਤੋਂ ਪਾਰਟੀ ਦਾ ਚਿੰਨ੍ਹ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਣ ਨਿਸ਼ਾਨ ਦੇ ਬਦਲੇ EVM 'ਤੇ ਉਮੀਦਵਾਰ ਦਾ ਨਾਮ, ਉਮਰ, ਸਿੱਖਿਆ ਅਤੇ ਫੋਟੋ ਲਗਾਉਣ ਦੀ ਕੀਤੀ ਗਈ ਸੀ ਮੰਗ

Supreme Court

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੈਲਟ ਪੇਪਰਾਂ ਅਤੇ ਈਵੀਐਮ ਤੋਂ ਪਾਰਟੀ ਦੇ ਚਿੰਨ੍ਹ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਰਅਸਲ, ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਕੇ ਮੰਗ ਕੀਤੀ ਗਈ ਸੀ ਕਿ ਚੋਣ ਕਮਿਸ਼ਨ ਨੂੰ ਬੈਲਟ ਪੇਪਰਾਂ ਅਤੇ ਈਵੀਐਮ ਤੋਂ ਪਾਰਟੀ ਦੇ ਚਿੰਨ੍ਹ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਜਾਵੇ।

ਚੋਣ ਨਿਸ਼ਾਨ ਦੇ ਬਦਲੇ ਈਵੀਐਮ 'ਤੇ ਉਮੀਦਵਾਰ ਦਾ ਨਾਮ, ਉਮਰ, ਸਿੱਖਿਆ ਅਤੇ ਫੋਟੋ ਲਗਾਉਣ ਦੀ ਮੰਗ ਕੀਤੀ ਗਈ ਸੀ। ਸੀਨੀਅਰ ਵਕੀਲ ਵਿਕਾਸ ਸਿੰਘ ਅਤੇ ਗੋਪਾਲ ਸ਼ੰਕਰਨਾਰਾਇਣ ਨੇ ਸੰਵਿਧਾਨ ਦੀ ਧਾਰਾ 14 ਅਤੇ 21 ਦੀ ਕਥਿਤ ਉਲੰਘਣਾ ਦਾ ਦੋਸ਼ ਲਗਾਇਆ ਹੈ।

ਉਨ੍ਹਾਂ ਕਿਹਾ ਕਿ ਈਵੀਐਮ 'ਤੇ ਪਾਰਟੀ ਦਾ ਚਿੰਨ੍ਹ ਵੋਟਰਾਂ ਦੀ ਪਸੰਦ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਚੋਣ ਉਮੀਦਵਾਰਾਂ ਦੀ ਭਰੋਸੇਯੋਗਤਾ ਦੇ ਆਧਾਰ 'ਤੇ ਵੋਟ ਪਾਉਣ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਸ ਨਾਲ ਸਿਆਸੀ ਆਗੂਆਂ ਵਿੱਚ ਅਪਰਾਧਿਕਤਾ ਵਧੀ ਹੈ।