ਇਸ ਸਿੱਖ ਨੌਜਵਾਨ ਨੇ ਕਰਾਟੇ ਦੇ ਖਿਡਾਰੀਆਂ ਲਈ ਰਾਹ ਕੀਤਾ ਪੱਧਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਲਡ ਕਰਾਟੇ ਫੇਡਰੇਸ਼ਨ ਨੇ ਗੁਰਸਿੱਖ ਖਿਡਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਿਰ 'ਤੇ ਪਟਕਾ ਬੰਨ੍ਹ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਵਰਲਡ ਕਰਾਟੇ ...

ਸਿੱਖ ਨੌਜਵਾਨ ਕਰਾਟੇ ਖੇਡਦਾ ਹੋਇਆ

ਨਵੀਂ ਦਿੱਲੀ (ਭਾਸ਼ਾ) : ਵਰਲਡ ਕਰਾਟੇ ਫੇਡਰੇਸ਼ਨ ਨੇ ਗੁਰਸਿੱਖ ਖਿਡਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਿਰ 'ਤੇ ਪਟਕਾ ਬੰਨ੍ਹ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। ਵਰਲਡ ਕਰਾਟੇ ਫੇਡਰੇਸ਼ਨ ਆਪਣੇ ਨਵੇਂ ਨਿਯਮ 1 ਜਨਵਰੀ 2019 ਤੋਂ ਲਾਗੂ ਕਰੇਗੀ ਅਤੇ ਫੇਡਰੇਸ਼ਨ ਵੱਲੋਂ ਬਣਾਏ ਗਏ ਇਸ ਨਵੇਂ ਨਿਯਮ ਪਿੱਛੇ ਕੈਨੇਡਾ ਦੇ ਗੁਰ ਸਿੱਖ ਨੌਜਵਾਨ ਜੈ ਕਰਨ ਸਿੰਘ ਦਾ ਵੱਡਾ ਸੰਘਰਸ਼ ਹੈ। ਦਰਅਸਲ ਕੈਨੇਡਾ ਵਿੱਚ ਤਾਂ ਇਸ ਖੇਡ ਦੌਰਾਨ ਸਿਰ 'ਤੇ ਪਟਕਾ ਬੰਨ੍ਹਣ ਦੀ ਇਜਾਜਤ ਸੀ ਪਰ ਜਦੋ ਗੁਰਸਿੱਖ ਖਿਡਾਰੀ ਦੇਸ਼ ਤੋਂ ਬਾਹਰ ਖੇਡਦਾ ਸੀ ਤਾਂ ਉਸਨੂੰ ਸਿਰ ਕੱਜਣ ਦੀ ਮਨਾਹੀ ਸੀ ਜਿਸ ਕਰਕੇ ਗੁਰਸਿੱਖ ਖਿਡਾਰੀਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।

ਅਜਿਹਾ ਹੀ ਕੁਝ ਜੈ ਕਰਨ ਸਿੰਘ ਨਾਲ ਵੀ ਹੋਇਆ। 2016 ਵਿਚ, ਕਰਾਟੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਮੈਂਬਰ ਜੈ ਕਰਨ ਸਿੰਘ ਸੰਘੇੜਾ, ਡਬਲਯੂ. ਕੇ. ਐੱਫ. ਯੂਥ ਕੱਪ ਟੂਰਨਾਮੈਂਟ ਵਿਚ ਮੁਕਾਬਲਾ ਕਰਨ ਲਈ ਕਰੋਸ਼ੀਆ ਗਿਆ ਪਰ ਉਸ ਨੂੰ ਦੱਸਿਆ ਗਿਆ ਕਿ ਉਹ ਆਪਣੇ ਪਟਕਾ ਜਾਂ ਛੋਟੇ ਪਗੜੀ ਨਾਲ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦਾ। ਕਰਾਟੇ ਕੈਨੇਡਾ ਦੇ ਪ੍ਰਧਾਨ, ਕਰੇਗ ਵੋਕੀ ਅਤੇ ਟੀਮ ਕੈਨੇਡਾ ਦੇ ਕੋਚਾਂ ਵੱਲੋਂ ਅਧਿਕਾਰੀਆਂ ਨੂੰ ਅਪੀਲ ਕਰਨ ਤੋਂ ਬਾਅਦ ਜੈ ਕਰਨ ਸਿੰਘ ਛੋਟ ਦੇ ਮੁਕਾਬਲੇ ਵਿਚ ਹਿਸਾ ਲੈਣ ਦੀ ਆਗਿਆ ਦੇ ਦਿੱਤੀ ਪਰ ਇਸ ਤੋਂ ਬਾਅਦ ਵੀ ਪੱਕੇ ਤੌਰ 'ਤੇ ਨਿਯਮਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ।

 ਇਸ ਤੋਂ ਬਾਅਦ ਜੈ ਕਰਨ ਸਿੰਘ ਨੇ ਕਰਾਟੇ ਕੈਨੇਡਾ ਨਾਲ ਮਿਲ ਕੇ ਨਿਯਮਾਂ ਵਿੱਚ ਤਬਦੀਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਮਾਪਿਆਂ ਨੂੰ ਖ਼ੁਸ਼ੀ ਸੀ ਕਿ ਉਸ ਦਾ ਲੜਕਾ ਮੌਜੂਦਾ ਤਬਦੀਲੀ ਦੇ ਦੌਰ ਉੱਤੇ ਹਾਲੇ ਵੀ ਸਿੱਖ ਮਰਿਆਦਾ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਇਸ ਦੇ ਲਈ ਉਹ ਆਪਣਾ ਕੈਰੀਅਰ ਵੀ ਦਾਅ ਉੱਤੇ ਲਾ ਰਿਹਾ ਹੈ। ਇਸ ਤੋਂ ਖ਼ੁਸ਼ੀ ਹੋ ਕੇ ਉਸ ਦੇ ਮਾਪਿਆਂ ਨੇ ਉਸ ਦਾ ਪੂਰਾ ਸਾਥ ਦਿੱਤਾ। ਉਸਦੇ ਮਾਪਿਆਂ ਦਾ ਕਹਿਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਹੌਸਲਾ ਨਹੀਂ ਹਾਰਿਆ ਤੇ ਆਪਣੀ ਗੱਲ ਉੱਤੇ ਡਟਿਆ ਰਿਹਾ।

ਕੌਂਮਤਰੀ ਪੱਧਰ ਉੱਤੇ ਖੇਡਣ ਤੋ ਮਨ੍ਹਾ ਕਰਨ ਤੋਂ ਬਾਦ ਉਸ ਨੇ ਕੈਨੇਡਾ ਆ ਕੇ ਇਸ ਮੁੱਦੇ ਲਈ ਸਮਰਥਨ ਹਾਸਲ ਕੀਤੀ ਅਤੇ ਕਿਹਾ ਕਿ ਪਟਕੇ ਤੋਂ ਬਿਨਾਂ ਨਹੀਂ ਲੜੇਗਾ। ਜੈ ਕਰਨ ਸਿੰਘ ਦੀ ਲੜਾਈ ਨੂੰ ਨਵੀ ਪੀੜੀ ਦੇ ਖਿਡਾਰੀਆਂ ਵੱਲੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਅਤੇ ਜਿਸ ਤੋਂ ਬਾਅਦ ਵਰਲਡ ਕਰਾਟੇ ਫੇਡਰੇਸ਼ਨ ਨੂੰ ਉਸ ਅੱਗੇ ਝੁਕਣਾ ਪਿਆ,,, ਤੇ ਹਰ ਖਿਡਾਰੀ ਨੂੰ ਉਸਦੇ ਧਾਰਮਿਕ ਚਿਨ੍ਹ ਨਾਲ ਸਿਰ ਢੱਕ ਕੇ ਖੇਡ ਵਿੱਚ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ। ਜੈ ਕਰਨ ਸਿੰਘ ਦੇ ਇਸ ਸੰਘਰਸ਼ ਨੇ ਆਉਣ ਵਾਲੇ ਖਿਡਾਰੀਆਂ ਦਾ ਰਾਹ ਪੱਧਰਾ ਕਰ ਦਿੱਤਾ ਹੈ ਅਤੇ ਉਸ ਨੇ ਸਿੱਖ ਕੌਮ ਦਾ ਸਿਰ ਹੋਰ ਉਚਾ ਕੀਤਾ ਹੈ।