ਗੁਰਸਿੱਖ ਖਿਡਾਰੀ ਜੈ ਕਰਨ ਸਿੰਘ ਦੀ ਜਿੱਦ 'ਤੇ ਵਰਲਡ ਕਰਾਟੇ ਫੈਡਰੇਸ਼ਨ ਨੇ ਬਦਲਿਆ ਫ਼ੈਸਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਰਲਡ ਕਰਾਟੇ ਫੈਡਰੇਸ਼ਨ ਨੇ ਗੁਰਸਿੱਖ ਖਿਡਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਿਰ 'ਤੇ ਪਟਕਾ ਬੰਨ੍ਹ ਖੇਡਣ ਦੀ ਇਜਾਜ਼ਤ ਦੇ ਦਿਤੀ ਹੈ। ਵਰਲਡ ਕਰਾਟੇ ....

Jaikaran singh

ਚੰਡੀਗੜ੍ਹ (ਸਸਸ) :- ਵਰਲਡ ਕਰਾਟੇ ਫੈਡਰੇਸ਼ਨ ਨੇ ਗੁਰਸਿੱਖ ਖਿਡਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਿਰ 'ਤੇ ਪਟਕਾ ਬੰਨ੍ਹ ਖੇਡਣ ਦੀ ਇਜਾਜ਼ਤ ਦੇ ਦਿਤੀ ਹੈ। ਵਰਲਡ ਕਰਾਟੇ ਫੈਡਰੇਸ਼ਨ ਅਪਣੇ ਨਵੇਂ ਨਿਯਮ 1 ਜਨਵਰੀ 2019 ਤੋਂ ਲਾਗੂ ਕਰੇਗੀ ਅਤੇ ਫੈਡਰੇਸ਼ਨ ਵੱਲੋਂ ਬਣਾਏ ਗਏ ਇਸ ਨਵੇਂ ਨਿਯਮ ਪਿੱਛੇ ਕੈਨੇਡਾ ਦੇ ਗੁਰ ਸਿੱਖ ਨੌਜਵਾਨ ਜੈ ਕਰਨ ਸਿੰਘ ਦਾ ਵੱਡਾ ਸੰਘਰਸ਼ ਹੈ।

ਦਰਅਸਲ ਕੈਨੇਡਾ ਵਿਚ ਤਾਂ ਇਸ ਖੇਡ ਦੌਰਾਨ ਸਿਰ 'ਤੇ ਪਟਕਾ ਬੰਨ੍ਹਣ ਦੀ ਇਜ਼ਾਜਤ ਸੀ ਪਰ ਜਦੋਂ ਗੁਰਸਿੱਖ ਖਿਡਾਰੀ ਦੇਸ਼ ਤੋਂ ਬਾਹਰ ਖੇਡਦਾ ਸੀ ਤਾਂ ਉਸ ਨੂੰ ਸਿਰ ਕੱਜਣ ਦੀ ਮਨਾਹੀ ਸੀ, ਜਿਸ ਕਰ ਕੇ ਗੁਰਸਿੱਖ ਖਿਡਾਰੀਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਅਜਿਹਾ ਹੀ ਕੁਝ ਜੈ ਕਰਨ ਸਿੰਘ ਨਾਲ ਵੀ ਹੋਇਆ ਸੀ।

2016 ਵਿਚ, ਕਰਾਟੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਮੈਂਬਰ ਜੈ ਕਰਨ ਸਿੰਘ ਸੰਘੇੜਾ, ਡਬਲਯੂ. ਕੇ.ਐੱਫ. ਯੂਥ ਕੱਪ ਟੂਰਨਾਮੈਂਟ ਵਿਚ ਮੁਕਾਬਲਾ ਕਰਨ ਲਈ ਕਰੋਸ਼ੀਆ ਗਿਆ ਪਰ ਉਸ ਨੂੰ ਦੱਸਿਆ ਗਿਆ ਕਿ ਉਹ ਅਪਣੇ ਪਟਕਾ ਜਾਂ ਛੋਟੇ ਪਗੜੀ ਨਾਲ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਸਕਦਾ। ਕਰਾਟੇ ਕੈਨੇਡਾ ਦੇ ਪ੍ਰਧਾਨ, ਕਰੇਗ ਵੋਕੀ ਅਤੇ ਟੀਮ ਕੈਨੇਡਾ ਦੇ ਕੋਚਾਂ ਵੱਲੋਂ ਅਧਿਕਾਰੀਆਂ ਨੂੰ ਅਪੀਲ ਕਰਨ ਤੋਂ ਬਾਅਦ ਜੈ ਕਰਨ ਸਿੰਘ ਛੋਟ ਦੇ ਮੁਕਾਬਲੇ ਵਿਚ ਹਿਸਾ ਲੈਣ ਦੀ ਆਗਿਆ ਦੇ ਦਿਤੀ ਪਰ ਇਸ ਤੋਂ ਬਾਅਦ ਵੀ ਪੱਕੇ ਤੌਰ 'ਤੇ ਨਿਯਮਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ।

ਇਸ ਤੋਂ ਬਾਅਦ ਜੈ ਕਰਨ ਸਿੰਘ ਨੇ ਕਰਾਟੇ ਕੈਨੇਡਾ ਨਾਲ ਮਿਲ ਕੇ ਨਿਯਮਾਂ ਵਿਚ ਤਬਦੀਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿਤੀ। ਮਾਪਿਆਂ ਨੂੰ ਖ਼ੁਸ਼ੀ ਸੀ ਕਿ ਉਨ੍ਹਾਂ ਦਾ ਮੁੰਡਾ ਮੌਜੂਦਾ ਤਬਦੀਲੀ ਦੇ ਦੌਰ ਉੱਤੇ ਹਾਲੇ ਵੀ ਸਿੱਖ ਮਰਿਆਦਾ ਨੂੰ ਛੱਡਣਾ ਨਹੀਂ ਚਾਹੁੰਦਾ ਤੇ ਇਸ ਦੇ ਲਈ ਉਹ ਅਪਣਾ ਕੈਰੀਅਰ ਵੀ ਦਾਅ ਉੱਤੇ ਲਾ ਰਿਹਾ ਹੈ। ਇਸ ਤੋਂ ਖ਼ੁਸ਼ ਹੋ ਕੇ ਉਸ ਦੇ ਮਾਪਿਆਂ ਨੇ ਉਸ ਦਾ ਪੂਰਾ ਸਾਥ ਦਿਤਾ।

ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਹੌਸਲਾ ਨਹੀਂ ਹਾਰਿਆ ਤੇ ਅਪਣੀ ਗੱਲ ਉੱਤੇ ਡਟਿਆ ਰਿਹਾ। ਕੌਂਮਾਂਤਰੀ ਪੱਧਰ ਉੱਤੇ ਖੇਡਣ ਤੋ ਮਨ੍ਹਾ ਕਰਨ ਤੋਂ ਬਾਅਦ ਉਸ ਨੇ ਕੈਨੇਡਾ ਆ ਕੇ ਇਸ ਮੁੱਦੇ ਲਈ ਸਮਰਥਨ ਹਾਸਲ ਕੀਤਾ ਅਤੇ ਕਿਹਾ ਕਿ ਪਟਕੇ ਤੋਂ ਬਿਨਾਂ ਨਹੀਂ ਲੜੇਗਾ। ਜੈ ਕਰਨ ਸਿੰਘ ਦੀ ਲੜਾਈ ਨੂੰ ਨਵੀਂ ਪੀੜੀ ਦੇ ਖਿਡਾਰੀਆਂ ਵੱਲੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਅਤੇ ਜਿਸ ਤੋਂ ਬਾਅਦ ਵਰਲਡ ਕਰਾਟੇ ਫੈਡਰੇਸ਼ਨ ਨੂੰ ਉਸ ਅੱਗੇ ਝੁਕਣਾ ਪਿਆ।

ਹਰ ਖਿਡਾਰੀ ਨੂੰ ਉਸ ਦੇ ਧਾਰਮਿਕ ਚਿੰਨ੍ਹ ਨਾਲ ਸਿਰ ਢੱਕ ਕੇ ਖੇਡ ਵਿਚ ਹਿੱਸਾ ਲੈਣ ਦੀ ਆਗਿਆ ਦੇ ਦਿਤੀ। ਜੈ ਕਰਨ ਸਿੰਘ ਦੇ ਇਸ ਸੰਘਰਸ਼ ਨੇ ਆਉਣ ਵਾਲੇ ਖਿਡਾਰੀਆਂ ਦਾ ਰਾਹ ਪੱਧਰਾ ਕਰ ਦਿਤਾ ਹੈ ਅਤੇ ਉਸਨੇ ਸਿੱਖ ਕੌਮ ਦਾ ਸਿਰ ਹੋਰ ਉੱਚਾ ਕੀਤਾ ਹੈ।