ਕੋਰੋਨਾ ਮਹਾਮਾਰੀ ਦੌਰਾਨ ਕੰਮ ਕਰਨ ਵਾਲੇ ਕੱਚੇ ਸਿਹਤ ਕਰਮਚਾਰੀਆਂ ਨੂੰ ਭਰਤੀ ਪ੍ਰੀਖਿਆ ਵਿੱਚ ਮਿਲਣਗੇ ਵਾਧੂ ਅੰਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਡੀਸ਼ਾ ਸਰਕਾਰ ਦਾ ਐਲਾਨ, ਅਗਲੀ ਭਰਤੀ ਪ੍ਰੀੱਖਿਆ 'ਚ ਮਿਲੇਗੀ ਤਰਜੀਹ

Image

 

ਭੁਵਨੇਸ਼ਵਰ - ਓਡੀਸ਼ਾ ਸਰਕਾਰ ਨੇ ਕੋਰੋਨਾ ਮਹਾਮਾਰੀ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਪਾਰਟ-ਟਾਈਮ ਸਿਹਤ ਕਰਮਚਾਰੀਆਂ ਨੂੰ ਤਰਜੀਹ ਅਤੇ ਵਾਧੂ ਅੰਕ (ਨੌਕਰੀਆਂ ਵਿੱਚ) ਦੇਣ ਦਾ ਫੈਸਲਾ ਕੀਤਾ ਹੈ। ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪਾਰਟ ਟਾਈਮ ਹੈਲਥ ਵਰਕਰਾਂ ਨੂੰ ਨਰਸਿੰਗ ਅਫਸਰ, ਫਾਰਮਾਸਿਸਟ, ਰੇਡੀਓਗ੍ਰਾਫਰ, ਲੈਬਾਰਟਰੀ ਟੈਕਨੀਸ਼ੀਅਨ ਅਤੇ ਮਲਟੀਪਰਪਜ਼ ਹੈਲਥ ਵਰਕਰ ਵਰਗੀਆਂ ਵੱਖ-ਵੱਖ ਅਸਾਮੀਆਂ ਲਈ ਅਗਲੀ ਭਰਤੀ ਪ੍ਰੀਖਿਆ ਵਿੱਚ ਤਰਜੀਹ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ, ਹਜ਼ਾਰਾਂ ਪਾਰਟ-ਟਾਈਮ ਸਿਹਤ ਕਰਮਚਾਰੀਆਂ ਨੇ ਨਰਸਿੰਗ ਅਫਸਰ, ਫਾਰਮਾਸਿਸਟ, ਰੇਡੀਓਗ੍ਰਾਫਰ, ਲੈਬਾਰਟਰੀ ਟੈਕਨੀਸ਼ੀਅਨ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਵਰਗੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਅਤੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਤੇ ਕੋਵਿਡ ਕੇਅਰ ਸੈਂਟਰਾਂ ਵਿਖੇ ਡਿਊਟੀਆਂ ਨਿਭਾਈਆਂ। 

ਅਧਿਕਾਰੀ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਵਿੱਚ ਇਨ੍ਹਾਂ ਪਾਰਟ-ਟਾਈਮ ਸਿਹਤ ਕਰਮਚਾਰੀਆਂ ਦੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਿਰਦੇਸ਼ਾਂ 'ਤੇ, ਸਰਕਾਰ ਨੇ 'ਪਾਰਟ-ਟਾਈਮ ਕੋਵਿਡ-19 ਹੈਲਥ ਵਰਕਰਜ਼ ਰੂਲਜ਼, 2022' ਦੇ ਪੱਖ 'ਚ ਭਰਤੀ ਪ੍ਰੀਖਿਆਵਾਂ ਵਿੱਚ ਵਾਧੂ ਅੰਕ ਦੇਣ ਦੀ ਨੀਤੀ ਬਣਾਈ ਹੈ। 

ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਸ਼ਾਲਿਨੀ ਪੰਡਿਤ ਨੇ ਕਿਹਾ ਕਿ ਘੱਟੋ-ਘੱਟ ਤਿੰਨ ਮਹੀਨਿਆਂ ਦੀ ਮਿਆਦ ਲਈ ਕੰਮ ਕਰਨ ਵਾਲੇ ਇਨ੍ਹਾਂ ਪਾਰਟ-ਟਾਈਮ ਕੋਵਿਡ-19 ਸਿਹਤ ਕਰਮਚਾਰੀਆਂ ਨੂੰ ਨਰਸਿੰਗ ਅਫਸਰ, ਫਾਰਮਾਸਿਸਟ, ਰੇਡੀਓਗ੍ਰਾਫਰ, ਲੈਬਾਰਟਰੀ ਟੈਕਨੀਸ਼ੀਅਨ ਅਤੇ ਮਲਟੀ-ਪਰਪਜ਼ ਹੈਲਥ ਵਰਕਰਾਂ ਲਈ ਓਡੀਸ਼ਾ ਅਧੀਨ ਕਰਮਚਾਰੀ ਚੋਣ ਆਯੋਗ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ ਅਗਲੀ ਭਰਤੀ ਪ੍ਰੀਖਿਆ 'ਚ ਪੰਜ ਫ਼ੀਸਦੀ ਵਾਧੂ ਅੰਕ ਦਿੱਤੇ ਜਾਣਗੇ।

ਹਾਲਾਂਕਿ ਸਿਹਤ ਸਕੱਤਰ ਨੇ ਸਪੱਸ਼ਟ ਕੀਤਾ ਕਿ ਇਹ ਵਿਵਸਥਾ ਸਿਰਫ਼ ਇੱਕ ਵਾਰ ਲਈ ਹੋਵੇਗੀ।

ਪਹਿਲਾਂ ਅਜਿਹੇ ਸਿਹਤ ਕਰਮਚਾਰੀਆਂ ਨੇ ਸਰਕਾਰ 'ਚ ਨੌਕਰੀ 'ਤੇ ਰੱਖੇ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪਾਰਟ-ਟਾਈਮ ਹੋਣ ਕਾਰਨ ਸੇਵਾ ਤੋਂ ਹਟਾਏ ਜਾਣ ਦੇ ਚੱਲਦਿਆਂ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਗਿਆ।