ਹੁਣ ਬੱਚੇ ਦੇ ਜਨਮ ਸਮੇਂ ਮਰਦਾਂ ਨੂੰ ਮਿਲਿਆ ਕਰੇਗੀ ਛੁੱਟੀ! ਛੇਤੀ ਬਣੇਗੀ ਨੀਤੀ
ਸਰਕਾਰ ਨਵੀਂ ਨੀਤੀ ਬਣਾਉਣ ਦੀ ਤਿਆਰੀ 'ਚ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨੌਕਰੀਪੇਸ਼ਾ ਮਰਦ ਕਰਮਚਾਰੀਆਂ ਨੂੰ ਨਵੇਂ ਸਾਲ ਤੋਂ ਇਕ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਖਿੱਚ ਲਈ ਹੈ। ਜਾਣਕਾਰੀ ਅਨੁਸਾਰ ਸਰਕਾਰ ਬੱਚੇ ਦੇ ਜਨਮ ਸਮੇਂ ਔਰਤਾਂ ਤੋਂ ਇਲਾਵਾ ਮਰਦਾਂ ਨੂੰ ਵੀ ਜਨੇਪਾ ਛੁੱਟੀਆਂ ਦੇਣ ਦੀ ਨੀਤੀ ਬਣਾਉਣ ਬਾਰੇ ਸੋਚ ਰਹੀ ਹੈ। ਇਸ ਨੀਤੀ ਦੇ ਬਣਨ ਬਾਅਦ ਬੱਚੇ ਦੇ ਜਨਮ ਸਮੇਂ ਔਰਤਾਂ ਨੂੰ ਜਨੇਪਾ ਛੁੱਟੀ ਮਿਲਣ ਵਾਂਗ ਮਰਦਾਂ ਨੂੰ ਪੈਟਰਨਿਟੀ ਲੀਵਜ਼ ਮਿਲਣ ਲੱਗ ਜਾਵੇਗੀ। ਇਸ ਲਈ ਇਕ ਰਾਸ਼ਟਰੀ ਨੀਤੀ ਬਣਾਈ ਜਾ ਰਹੀ ਹੈ।
ਇਸ ਸਬੰਧੀ ਪਰਸੌਨਲ ਐਂਡ ਟ੍ਰੇਨਿੰਗ ਵਿਭਾਗ ਤੇ ਉਦਯੋਗਾਂ ਵਿਚਾਰੇ ਗੱਲਬਾਤ ਵੀ ਹੋ ਚੁੱਕੀ ਹੈ। ਹੁਣ ਪੈਟਰਨਿਟੀ ਲੀਵ ਨੂੰ ਲੈ ਕੇ ਸਲਾਹ–ਮਸ਼ਵਰੇ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਇਸ ਦੀ ਰੂਪ ਰੇਖਾ ਨੂੰ ਅੰਤਮ ਰੂਪ ਦੇਣ ਲਈ ਸਰਕਾਰ ਦੀ ਉਦਯੋਗ ਤੇ ਟ੍ਰੇਡ ਯੂਨੀਅਨਾਂ ਵਿਚਾਲੇ ਮੀਟਿੰਗ ਹੋਵੇਗੀ।
ਦੱਸ ਦਈਏ ਕਿ ਮੌਜੂਦਾ ਸਮੇਂ ਪੈਟਰਨਿਟੀ ਲੀਵ ਬਾਰੇ ਕੋਈ ਕੌਮੀ ਨੀਤੀ ਨਹੀਂ ਹੈ। ਇਸ ਵੇਲੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 15 ਦਿਨਾਂ ਦੀ ਪੈਟਰਨਿਟੀ ਲੀਵ ਦੇਣ ਦੀ ਵਿਵਸਥਾ ਹੈ।
ਇਸੇ ਤਰਜ਼ 'ਤੇ ਕੁਝ ਨਿਜੀ ਕੰਪਨੀਆਂ ਵੀ ਅਪਣੇ ਮੁਲਾਜ਼ਮਾਂ ਨੂੰ 15 ਦਿਨਾਂ ਦੀ ਪੇਡ ਲੀਵ ਦਿੰਦੀਆਂ ਹਨ। ਕੁੱਝ ਕੰਪਨੀਆਂ ਘੱਟ ਦਿਨਾਂ ਦੀਆਂ ਛੁੱਟੀਆਂ ਦਿੰਦੀਆਂ ਹਨ। ਜਦਕਿ ਜ਼ਿਆਦਾਤਰ ਨਿਜੀ ਖੇਤਰ ਦੀਆਂ ਅਪਣੇ ਮਰਦ ਮੁਲਾਜ਼ਮਾਂ ਨੂੰ ਇਹ ਲਾਭ ਨਹੀਂ ਦਿੰਦੀਆਂ।
ਹੁਣ ਕਿਰਤ ਮੰਤਰਾਲਾ ਇਸ ਨੂੰ ਇਕ ਕਾਨੂੰਨ ਦੀ ਸ਼ਕਲ ਦੇਣ ਲਈ ਵਿਚਾਰ ਰਿਹਾ ਹੈ। ਇਸ ਤੋਂ ਇਲਾਵਾ ਇਸ ਦੀ ਮੌਜੂਦਾ 15 ਦਿਨਾਂ ਦੀ ਸੀਮਾ ਵੀ ਵਧਾਈ ਜਾ ਸਕਦੀ ਹੈ। ਮਾਂ ਨੂੰ ਬੱਚੇ ਦੇ ਜਣੇਪੇ ਲਈ 26 ਹਫ਼ਤਿਆਂ ਦੀ ਛੁੱਟੀ ਮਿਲਦੀ ਹੈ। ਮਰਦਾਂ ਲਈ ਇਹ ਛੁੱਟੀ ਵਧਾ ਕੇ ਇਕ ਮਹੀਨਾ ਕੀਤੀ ਜਾ ਸਕਦੀ ਹੈ।