ਵਾਦੀ ਦੇ ਚਾਰ ਹੋਰ ਸਿਆਸੀ ਆਗੂ ਹਿਰਾਸਤ ਵਿਚੋਂ ਰਿਹਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਜ਼ਰਬੰਦੀ ਅਧੀਨ ਕੇਵਲ 17 ਆਗੂ ਹੀ ਬਚੇ

file photo

ਜੰਮੂ : ਜੰਮੂ-ਕਸ਼ਮੀਰ ਵਿਚ ਹਾਲਾਤ ਆਮ ਵਰਗੇ ਹੋਣ ਬਾਅਦ ਸਿਆਸੀ ਆਗੂਆਂ ਦੀ ਰਿਹਾਈ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਚਾਰ ਹੋਰ ਪ੍ਰਮੁੱਖ ਸਿਆਸੀ ਆਗੂਆਂ ਨੂੰ ਸ੍ਰੀਨਗਰ ਦੇ ਵਿਧਾਇਕ ਹੋਸਟਲ ਵਿਚ ਨਜ਼ਰਬੰਦੀ ਤੋਂ ਰਿਹਾਅ ਕਰ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਰਿਹਾਅ ਕੀਤੇ ਗਏ ਆਗੂ ਨੈਸ਼ਨਲ ਕਾਨਫ਼ਰੰਸ ਦੇ ਹਨ ਅਤੇ ਉਨ੍ਹਾਂ ਵਿਚ ਅਬਦੁੱਲ ਮਜੀਦ ਲਾਰਮੀ, ਗ਼ੁਲਾਮ ਨਬੀ ਭੱਟ, ਡਾ ਮੁਹੰਮਦ ਸ਼ਫੀ ਅਤੇ ਮੁਹੰਮਦ ਯੂਸਫ਼ ਭੱਟ ਸ਼ਾਮਲ ਹਨ।

ਚਾਰਾਂ ਆਗੂਆਂ ਦੀ ਰਿਹਾਈ ਦੇ ਨਾਲ ਹੀ ਵਾਦੀ ਵਿਚ ਨਜ਼ਰਬੰਦੀ ਅਧੀਨ ਆਗੂਆਂ ਦੀ ਗਿਣਤੀ 17 ਰਹਿ ਗਈ ਹੈ। ਇਨ੍ਹਾਂ ਵਿਚ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸ਼ਾਮਲ ਹਨ। ਇਹ ਤਿੰਨੋਂ ਰਿਆਸਤ ਦੇ ਮੁੱਖ ਮੰਤਰੀ ਰਹੇ ਹਨ।

ਫਾਰੂਕ ਅਬਦੁੱਲਾ ਨੂੰ ਸ੍ਰੀਨਗਰ ਦੇ ਗੁਪਕਾਰ ਰੋਡ ਉਸ ਦੇ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ ਜਿਸ ਨੂੰ ਸਬ-ਜੇਲ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਮਰ ਅਬਦੁੱਲਾ ਨੂੰ ਹਰੀ ਨਿਵਾਸ 'ਤੇ ਨਜ਼ਰਬੰਦ ਕੀਤਾ ਗਿਆ ਹੈ ਜਦਕਿ ਮਹਿਬੂਬਾ ਮੁਫ਼ਤੀ ਨੂੰ ਮੌਲਾਨਾ ਆਜ਼ਾਦ ਰੈਜ਼ੀਡੈਂਸੀ ਰੋਡ 'ਤੇ ਪੈਂਦੀ ਸਰਕਾਰੀ ਇਮਾਰਤ ਵਿਚ ਰਖਿਆ ਗਿਆ ਹੈ।

16 ਜਨਵਰੀ ਨੂੰ ਵੀ ਵਿਧਾਇਕ ਹੋਸਟਲ ਵਿਚੋਂ ਵੀ ਪੰਜ ਮੁੱਖ ਧਾਰਾ ਦੇ ਰਾਜਨੇਤਾ ਨਜ਼ਰਬੰਦੀ ਤੋ ਰਿਹਾਅ ਕੀਤੇ ਗਏ ਸਨ। ਰਿਹਾਅ ਕੀਤੇ ਗਏ ਨੇਤਾ 5 ਅਗੱਸਤ ਤੋਂ ਨਜ਼ਰਬੰਦੀ ਵਿਚ ਸਨ ਜਦ ਕੇਂਦਰ ਨੇ ਧਾਰਾ 370 ਨੂੰ ਰੱਦ ਕਰ ਦਿਤਾ ਸੀ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿਤਾ ਸੀ।