ਦਿੱਲੀ ਬਾਰਡਰ ’ਤੇ ਇਕ ਹੋਰ ਕਿਸਾਨ ਦੀ ਹਾਦਸੇ ’ਚ ਮੌਤ, ਮੋਗਾ ਜ਼ਿਲ੍ਹੇ ਨਾਲ ਸਬੰਧਤ ਸੀ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰਨ ਖਾਤਰ ਦਿੱਲੀ ਗਿਆ ਸੀ ਕਿਸਾਨ

Farmers Protest

ਨਵੀਂ ਦਿੱਲੀ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਤਿੰਨ ਮਹੀਨਿਆਂ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਇਸ ਦੌਰਾਨ ਦੋ ਸੌ ਤੋਂ ਵਧੇਰੇ ਕਿਸਾਨ ਸ਼ਹੀਦੀ ਜਾਮ ਪੀ ਗਏ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ। ਸੱਤਾਧਾਰੀ ਧਿਰ ਦੇ ਆਗੂ ਅੰਦੋਲਨ ਨੂੰ ਅਣਗੌਲਿਆ ਕਰ ਚੋਣਾਂ ਜਿੱਤਣ ਦੇ ਆਹਰ ਵਿਚ ਹਨ, ਜਦਕਿ ਸੰਘਰਸ਼ੀ ਸਥਾਨਾਂ ‘ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਦੌਰਾਨ ਮੋਗਾ ਜ਼ਿਲ੍ਹੇ ਦੇ ਕਸਬਾ ਨੱਥੂਵਾਲਾ ਗਰਬੀ ਦੇ  ਕਿਸਾਨ ਜੀਤ ਸਿੰਘ (75 ਸਾਲ) ਪੁੱਤਰ ਲਾਲ ਸਿੰਘ ਦੀ ਦਿੱਲੀ ਬਾਰਡਰ ’ਤੇ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜੀਤ ਸਿੰਘ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰਨ ਖਾਤਰ ਦਿੱਲੀ ਬਾਰਡਰ ’ਤੇ ਪਹੁੰਚਿਆ ਹੋਇਆ ਸੀ ।

ਜੀਤ ਸਿੰਘ ਬੀਤੀ ਦੇਰ ਰਾਤ ਉਸ ਸਮੇਂ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਲੰਗਰ ਛਕਣ ਤੋਂ ਬਾਅਦ ਆਪਣੀ ਠਹਿਰ ਵੱਲ ਨੂੰ ਪੈਦਲ ਜਾ ਰਿਹਾ ਸੀ । ਜੀਤ ਸਿੰਘ ਨੂੰ ਇਕ ਕਾਰ ਨੇ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।