ਬੈਂਗਲੁਰੂ ਧਮਾਕਾ ਮਾਮਲਾ: ਚਾਰ ਲੋਕ ਹਿਰਾਸਤ ’ਚ, ਅਪਰਾਧੀਆਂ ਦੀਆਂ ਗਤੀਵਿਧੀਆਂ ਕੈਮਰੇ ’ਚ ਰੀਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਮੀਡੀਆ ਨੂੰ ਕਿਆਸੇ ਨਾ ਲਗਾਉਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ

File Photo.

ਬੈਂਗਲੁਰੂ: ਬੈਂਗਲੁਰੂ ਦੇ ਇਕ ਰੈਸਟੋਰੈਂਟ ’ਚ ਸ਼ੁਕਰਵਾਰ ਨੂੰ ਹੋਏ ਘੱਟ ਤੀਬਰਤਾ ਵਾਲੇ ਬੰਬ ਧਮਾਕੇ ਦੇ ਮਾਮਲੇ ’ਚ ਪੁਲਿਸ ਨੇ ਚਾਰ ਜਣਿਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਹੈ। ਪੁਲਿਸ ਸੂਤਰਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ । 

ਇਸ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੀਆਂ ਗਤੀਵਿਧੀਆਂ ਕੈਮਰਿਆਂ ’ਚ ਰੀਕਾਰਡ ਹੋ ਗਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਸ ਨੂੰ ਫੜਨਾ ਆਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰਬੀ ਬੈਂਗਲੁਰੂ ਦੇ ਬਰੂਕਫੀਲਡ ਇਲਾਕੇ ’ਚ ਰੈਸਟੋਰੈਂਟ ’ਚ ਵਾਪਰੀ ਇਸ ਘਟਨਾ ’ਚ ਕੋਈ ਸੰਗਠਨ ਸ਼ਾਮਲ ਸੀ ਜਾਂ ਨਹੀਂ, ਇਸ ਦਾ ਤੁਰਤ ਪਤਾ ਨਹੀਂ ਲੱਗ ਸਕਿਆ। 

ਪੁਲਿਸ ਸੂਤਰਾਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਅਪਰਾਧ ਬ੍ਰਾਂਚ ਦੇ ਅਧਿਕਾਰੀ ਧਾਰਵਾੜ, ਹੁਬਲੀ ਅਤੇ ਬੈਂਗਲੁਰੂ ਤੋਂ ਹਿਰਾਸਤ ’ਚ ਲਏ ਗਏ ਚਾਰ ਵਿਅਕਤੀਆਂ ਤੋਂ ਵਿਸਥਾਰ ਨਾਲ ਪੁੱਛ-ਪੜਤਾਲ ਕਰ ਰਹੇ ਹਨ। 

ਬੈਂਗਲੁਰੂ ਸ਼ਹਿਰ ਦੇ ਕਮਿਸ਼ਨਰ ਬੀ. ਦਯਾਨੰਦ ਨੇ ਕਿਹਾ ਕਿ ਸ਼ੁਕਰਵਾਰ ਦੁਪਹਿਰ ਨੂੰ ਰਾਮੇਸ਼ਵਰਮ ਕੈਫੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਜਾਂਚ ਜ਼ੋਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਹੁਣ ਤਕ ਪ੍ਰਾਪਤ ਹੋਏ ਵੱਖ-ਵੱਖ ਸੁਰਾਗਾਂ ’ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਅਸੀਂ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਆਸ ਨਾ ਲਗਾਉਣ ਅਤੇ ਸਹਿਯੋਗ ਕਰਨ।’’

ਇਸ ਦੌਰਾਨ, ਪੂਰੇ ਸੂਬੇ ’ਚ, ਖਾਸ ਕਰ ਕੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਸੁਰੱਖਿਆ ਸਖਤ ਕਰ ਦਿਤੀ ਗਈ ਹੈ। ਬਰੂਹਤ ਬੈਂਗਲੁਰੂ ਹੋਟਲ ਐਸੋਸੀਏਸ਼ਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਸ਼ਹਿਰ ਦੇ ਸਾਰੇ ਹੋਟਲਾਂ ’ਚ ਸੁਰੱਖਿਆ ਸਖਤ ਕਰਨ ਦੀ ਯੋਜਨਾ ਤਿਆਰ ਕਰੇਗਾ ਅਤੇ ਜਨਤਕ ਥਾਵਾਂ ਨੂੰ ਸੁਰੱਖਿਅਤ ਬਣਾਉਣ ਲਈ ਚੁਕੇ ਜਾਣ ਵਾਲੇ ਕਦਮਾਂ ’ਤੇ ਚਰਚਾ ਕਰੇਗਾ। 

ਇਡਲੀ ਖਾਧੀ, ਬੰਬ ਲਾਇਆ ਅਤੇ ਚਲਾ ਗਿਆ

ਮੁੱਖ ਮੰਤਰੀ ਸਿਧਾਰਮਈਆ ਨੇ ਕਿਹਾ, ‘‘ਧਮਾਕਾ ਹੋਇਆ ਹੈ। ਨਕਾਬ ਅਤੇ ਟੋਪੀ ਪਾਈ ਇਕ ਵਿਅਕਤੀ ਬੱਸ ’ਚੋਂ ਆਇਆ। ਉਸ ਨੇ ਕੈਫੇ ਦੇ ਕਾਊਂਟਰ ਤੋਂ ‘ਰਵਾ ਇਡਲੀ’ ਖਰੀਦੀ ਅਤੇ ਇਕ ਜਗ੍ਹਾ ਬੈਠ ਗਿਆ। ਫਿਰ ਉਸ ਨੇ ਟਾਈਮਰ ਸੈੱਟ ਕੀਤਾ ਅਤੇ ਚਲਾ ਗਿਆ। ਧਮਾਕਾ ਹੋਇਆ ਹੈ ਅਤੇ ਲਗਭਗ ਨੌਂ ਲੋਕ (ਅਸਲ ’ਚ 10) ਲੋਕ ਜ਼ਖਮੀ ਹੋਏ ਹਨ। ਸਾਰੇ ਖਤਰੇ ਤੋਂ ਬਾਹਰ ਹਨ।’’ ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਦਸਿਆ ਕਿ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸ਼ੁਕਰਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਸਨਿਚਰਵਾਰ ਨੂੰ ਉਨ੍ਹਾਂ ਨੇ ਵੀ ਕੈਫੇ ਅਤੇ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। 

ਇਹ ਪੁੱਛੇ ਜਾਣ ’ਤੇ ਕਿ ਕੀ ਧਮਾਕੇ ਪਿੱਛੇ ਕਿਸੇ ਸਮੂਹ ਦਾ ਹੱਥ ਹੈ ਜਾਂ ਇਹ ਕਿਸੇ ਵਿਅਕਤੀ ਦਾ ਕੰਮ ਹੈ, ਸਿੱਧਰਮਈਆ ਨੇ ਕਿਹਾ ਕਿ ਅਜੇ ਤਕ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਦੋਸ਼ੀ ਨੂੰ ਲੱਭ ਲਵਾਂਗੇ। ਦੋਸ਼ੀ ਦਾ ਪਤਾ ਲਗਾਉਣਾ ਆਸਾਨ ਹੋਵੇਗਾ ਕਿਉਂਕਿ ਉਸ ਦੇ ਬੱਸ ਤੋਂ ਉਤਰਨ, ਰੈਸਟੋਰੈਂਟ ਤੋਂ ਖਾਣਾ ਖਰੀਦਣ, ਇਕ ਜਗ੍ਹਾ ਬੈਠਣ ਅਤੇ ਬੈਗ ਰੱਖਣ ਦੀਆਂ ਵੀਡੀਉ ਅਤੇ ਤਸਵੀਰਾਂ ਹਨ। ਅਸੀਂ ਜਿੰਨੀ ਜਲਦੀ ਹੋ ਸਕੇ ਉਸ ਨੂੰ ਲੱਭ ਲਵਾਂਗੇ।’’

2022 ’ਚ ਮੰਗਲੁਰੂ ਕੁੱਕਰ ਧਮਾਕੇ ਅਤੇ ਸ਼ੁਕਰਵਾਰ ਦੀ ਘਟਨਾ ’ਚ ਸਮਾਨਤਾ ਵਲ ਇਸ਼ਾਰਾ ਕਰਨ ਵਾਲੀਆਂ ਕੁੱਝ ਰੀਪੋਰਟਾਂ ਬਾਰੇ ਪੁੱਛੇ ਜਾਣ ’ਤੇ ਸਿੱਧਰਮਈਆ ਨੇ ਕਿਹਾ ਕਿ ਇਸ ਮਾਮਲੇ ’ਚ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ। 

ਵਿਰੋਧੀ ਧਿਰ ਨੇ ਦੋਸ਼ ਲਾਇਆ ਹੈ ਕਿ ਇਹ ਘਟਨਾ ਸਰਕਾਰ ਦੀ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਵਾਪਰੀ ਹੈ। ਵਿਰੋਧੀ ਧਿਰ ਦੀ ਆਲੋਚਨਾ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਮੁੱਦੇ ’ਤੇ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਸਮੇਂ ਬੰਬ ਧਮਾਕੇ ਹੋਏ ਸਨ, ਮੰਗਲੁਰੂ ਕੁੱਕਰ ਧਮਾਕਾ ਹੋਇਆ ਸੀ, ਕੀ ਇਹ ਵੀ ਤੁਸ਼ਟੀਕਰਨ ਸੀ? ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।