ਡਿਲੀਵਰੀ ਬੁਆਏ ਨੇ ਲੜਕੀ ਨਾਲ ਕੀਤੀ ਬਦਸਲੂਕੀ, ਕੰਪਨੀ ਨੇ ਮਾਫ਼ੀ ਵਜੋਂ 200 ਰੁਪਏ ਦਾ ਕੂਪਨ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖਾਣੇ ਦੀ ਡਿਲੀਵਰੀ ਲੈ ਕੇ ਆਏ ਸਵਿਗੀ ਬੁਆਏ ਨੇ ਲੜਕੀ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ

Delivery Boy Abuses Women

ਬੰਗਲੁਰੂ : ਬੰਗਲੁਰੂ 'ਚ ਇਕ ਲੜਕੀ ਨੇ ਸਵਿਗੀ (Swiggy) ਕੰਪਨੀ ਦੇ ਡਿਲੀਵਰੀ ਬੁਆਏ 'ਤੇ ਬਦਸਲੂਕੀ ਦਾ ਦੋਸ਼ ਲਗਾਇਆ ਹੈ। ਲੜਕੀ ਨੇ ਸ਼ਿਕਆਇਤ 'ਚ ਕਿਹਾ ਸੀ ਕਿ ਡਿਲੀਵਰੀ ਬੁਆਏ ਨੇ ਉਸ ਨੂੰ ਅਪਸ਼ਬਦ ਕਹੇ। ਇਸ ਮਾਮਲੇ 'ਚ ਕੰਪਨੀ ਨੇ ਲੜਕੀ ਨੂੰ ਮਾਫ਼ੀਨਾਮੇ ਵਜੋਂ ਇਕ ਚਿੱਠੀ ਲਿਖੀ ਅਤੇ ਨਾਲ ਹੀ 200 ਰੁਪਏ ਦਾ ਕੂਪਨ ਵੀ ਭੇਜਿਆ।

ਪੀੜਤ ਲੜਕੀ ਨੇ ਸਨਿਚਰਵਾਰ ਨੂੰ ਆਪਣੀ ਫ਼ੇਸਬੁਕ ਪੋਸਟ 'ਚ ਲਿਖਿਆ ਕਿ ਉਸ ਨੇ ਸਵਿਗੀ ਤੋਂ ਖਾਣਾ ਆਰਡਰ ਕੀਤਾ ਸੀ। ਲੜਕੀ ਦਾ ਦੋਸ਼ ਹੈ ਕਿ ਖਾਣੇ ਦੀ ਡਿਲੀਵਰੀ ਲੈ ਕੇ ਆਏ ਸਵਿਗੀ ਬੁਆਏ ਨੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ। ਲੜਕੀ ਨੇ ਦੱਸਿਆ ਕਿ ਪਹਿਲਾਂ ਉਹ ਉਸ ਦੀ ਗੱਲ ਨਾ ਸੁਣ ਸਕੀ। ਜਦੋਂ ਉਸ ਨੇ ਦੁਬਾਰਾ ਪੁੱਛਿਆ ਤਾਂ ਡਿਲੀਵਰੀ ਬੁਆਏ ਨੇ ਉਸ ਨਾਲ ਅਪਸ਼ਬਦਾਂ ਦੀ ਵਰਤੋਂ ਕਰਦਿਆਂ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ।

ਲੜਕੀ ਨੇ ਦੱਸਿਆ ਕਿ ਉਸ ਨੇ ਤੁਰੰਤ ਉਸ ਤੋਂ ਖਾਣੇ ਦਾ ਪੈਕਟ ਖੋਹ ਲਿਆ ਅਤੇ ਦਰਵਾਜਾ ਬੰਦ ਕਰ ਦਿੱਤਾ। ਲੜਕੀ ਨੇ ਕੰਪਨੀ ਦੀ ਕਸਟਮਰ ਸਰਵਿਸ 'ਚ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਕੰਪਨੀ ਵੱਲੋਂ ਲੜਕੀ ਤੋਂ ਮਾਫ਼ੀ ਮੰਗੀ ਗਈ ਅਤੇ ਉਸ ਨੂੰ 200 ਰੁਪਏ ਦਾ ਕੂਪਨ ਭੇਜ ਦਿੱਤਾ ਗਿਆ। ਉਧਰ ਫ਼ੇਸਬੁਕ 'ਤੇ ਸਵਿਗੀ ਦੇ ਅਧਿਕਾਰੀਆਂ ਨੇ ਲਿਖਿਆ ਕਿ ਉਹ ਲੜਕੀ ਨਾਲ ਹੋਏ ਇਸ ਖ਼ਰਾਬ ਅਨੁਭਵ ਲਈ ਮਾਫ਼ੀ ਮੰਗਦੇ ਹਨ ਅਤੇ ਜਾਂਚ ਮਗਰੋਂ ਡਿਲੀਵਰੀ ਬੁਆਏ ਵਿਰੁੱਧ ਕਾਰਵਾਈ ਕੀਤੀ ਜਾਵੇਗੀ।