WhatsApp ਨੇ ਝੂਠੀਆਂ ਖ਼ਬਰਾਂ 'ਤੇ ਰੋਕ ਲਗਾਉਣ ਲਈ ਲਾਂਚ ਕੀਤਾ 'ਚੈਕ ਪੁਆਇੰਟ ਟਿਪਲਾਈਨ' ਫੀਚਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੈਰੀਫ਼ਿਕੇਸ਼ਨ ਕੇਂਦਰ ਤਸਵੀਰਾਂ, ਵੀਡੀਓਜ਼ ਅਤੇ ਲਿਖ਼ਤ ਸੰਦੇਸ਼ਾਂ ਦੀ ਪੁਸ਼ਟੀ ਕਰਨ 'ਚ ਸਮਰੱਥ

Whatsapp

ਨਵੀਂ ਦਿੱਲੀ : ਦੇਸ਼ 'ਚ ਆਮ ਚੋਣਾਂ ਤੋਂ ਪਹਿਲਾਂ ਝੂਠੀਆਂ ਖ਼ਬਰਾਂ ਨਾਲ ਨਜਿੱਠਣ ਲਈ ਵੱਟਸਐਪ ਨੇ ਮੰਗਲਵਾਰ ਨੂੰ 'ਚੈਕ ਪੁਆਇੰਟ ਟਿਪਲਾਈਨ' ਪੇਸ਼ ਕੀਤਾ ਹੈ। ਇਸ ਆਪਸ਼ਨ ਨਾਲ ਲੋਕ ਉਨ੍ਹਾਂ ਨੂੰ ਮਿਲਣ ਵਾਲੀ ਜਾਣਕਾਰੀ ਦੀ ਸੱਚਾਈ ਦੀ ਜਾਂਚ ਕਰ ਸਕਣਗੇ। ਫ਼ੇਸਬੁਕ ਨੇ ਇਕ ਬਿਆਨ 'ਚ ਕਿਹਾ, "ਇਸ ਸੇਵਾ ਨੂੰ ਭਾਰਤ ਦੇ ਇਕ ਮੀਡੀਆ ਮਾਹਰ ਸਟਾਰਟਅਪ 'ਪ੍ਰੋਟੋ' ਨੇ ਪੇਸ਼ ਕੀਤਾ ਹੈ।

ਇਹ ਟਿਪਲਾਈਨ ਗਲਤ ਜਾਣਕਾਰੀਆਂ ਅਤੇ ਅਫ਼ਵਾਹਾਂ ਦਾ ਡਾਟਾਬੇਸ ਤਿਆਰ ਕਰਨ 'ਚ ਮਦਦ ਕਰੇਗੀ। ਇਸ ਨਾਲ ਚੋਣਾਂ ਦੌਰਾਨ 'ਚੈਕ ਪੁਆਇੰਟ' ਲਈ ਇਨ੍ਹਾਂ ਜਾਣਕਾਰੀਆਂ ਦਾ ਅਧਿਐਨ ਕੀਤਾ ਜਾ ਸਕੇਗਾ। ਚੈਕ ਪੁਆਇੰਟ ਇਕ ਸ਼ੋਧ ਪ੍ਰਾਜੈਕਟ ਵਜੋਂ ਚਾਲੂ ਕੀਤਾ ਜਾ ਰਿਹਾ ਹੈ, ਜਿਸ 'ਚ ਵਟਸਐਪ ਵੱਲੋਂ ਤਕਨੀਕੀ ਸਹਿਯੋਗ ਦਿੱਤਾ ਜਾ ਰਿਹਾ ਹੈ।"

ਕੰਪਨੀ ਨੇ ਕਿਹਾ ਕਿ ਦੇਸ਼ 'ਚ ਲੋਕ ਉਨ੍ਹਾਂ ਨੂੰ ਮਿਲਣ ਵਾਲੀ ਗ਼ਲਤ ਜਾਣਕਾਰੀਆਂ ਅਤੇ ਅਫ਼ਵਾਹਾਂ ਨੂੰ ਵਟਸਐਪ ਦੇ +91-9643-000-888 ਨੰਬਰ 'ਤੇ ਚੈਕ ਪੁਆਇੰਟ ਟਿਪਲਾਈਨ ਨੂੰ ਭੇਜ ਸਕਦੇ ਹਨ। ਇਕ ਵਾਰ ਜਦੋਂ ਕੋਈ ਯੂਜਰ ਟਿਪਲਾਈਨ ਨੂੰ ਇਹ ਸੂਚਨਾ ਭੇਜ ਦੇਵੇਗਾ ਉਦੋਂ ਪ੍ਰੋਟੋ ਆਪਣੇ ਵੈਰੀਫ਼ਿਕੇਸ਼ਨ ਸੈਂਟਰ 'ਤੇ ਜਾਣਕਾਰੀ ਦੇ ਸਹੀ ਜਾਂ ਗ਼ਲਤ ਹੋਣ ਦੀ ਪੁਸ਼ਟੀ ਕਰ ਕੇ ਯੂਜਰ ਨੂੰ ਮੈਸੇਜ ਭੇਜ ਦੇਵੇਗਾ।

ਇਸ ਪੁਸ਼ਟੀ ਤੋਂ ਯੂਜਰ ਨੂੰ ਪਤਾ ਲੱਗ ਜਾਵੇਗਾ ਕਿ ਉਸ ਨੂੰ ਮਿਲਿਆ ਸੰਦੇਸ਼ ਸਹੀ, ਗਲਤ, ਝੂਠਾ ਜਾਂ ਵਿਵਾਦਤ 'ਚੋਂ ਕੀ ਹੈ। ਪ੍ਰੋਟੋ ਦਾ ਵੈਰੀਫ਼ਿਕੇਸ਼ਨ ਕੇਂਦਰ ਤਸਵੀਰਾਂ, ਵੀਡੀਓਜ਼ ਅਤੇ ਲਿਖ਼ਤ ਸੰਦੇਸ਼ਾਂ ਦੀ ਪੁਸ਼ਟੀ ਕਰਨ 'ਚ ਸਮਰੱਥ ਹੈ। ਉਹ ਅੰਗਰੇਜ਼ੀ ਦੇ ਨਾਲ ਹਿੰਦੀ, ਤੇਲਗੂ, ਬੰਗਲਾ ਅਤੇ ਮਲਿਆਲਮ ਭਾਸ਼ਾ 'ਚ ਸੰਦੇਸ਼ਾਂ ਦੀ ਪੁਸ਼ਟੀ ਕਰ ਸਕਦਾ ਹੈ।