ਅਰੁਣਾਚਲ ਪ੍ਰਦੇਸ਼ ’ਚ 30 ਥਾਵਾਂ ਦੇ ਨਾਂ ਬਦਲਣ ’ਤੇ ਵਿਦੇਸ਼ ਮੰਤਰੀ ਦੀ ਪ੍ਰਤੀਕਿਰਿਆ ਕਮਜ਼ੋਰ ਰਹੀ : ਕਾਂਗਰਸ
ਅਜਿਹੀ ਕਮਜ਼ੋਰ ਅਤੇ ਲਚਕਦਾਰ ਪ੍ਰਤੀਕਿਰਿਆ ਭਾਰਤ ਸਰਕਾਰ ਅਤੇ ਇਸ ਦੇ ਵਿਦੇਸ਼ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ : ਮਨੀਸ਼ ਤਿਵਾੜੀ
ਨਵੀਂ ਦਿੱਲੀ: ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਅਰੁਣਾਚਲ ਪ੍ਰਦੇਸ਼ ’ਚ 30 ਥਾਵਾਂ ਦੇ ਨਾਂ ਬਦਲਣ ਦੇ ਚੀਨ ਦੇ ਫੈਸਲੇ ’ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਪ੍ਰਤੀਕਿਰਿਆ ‘ਬਹੁਤ ਕਮਜ਼ੋਰ’ ਹੈ, ਜੋ ਸਰਕਾਰ ਅਤੇ ਵਿਦੇਸ਼ ਮੰਤਰੀ ਦੇ ਅਨੁਕੂਲ ਨਹੀਂ ਹੈ। ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਕਿ ਜੋ ਲੋਕ ਕੱਚਾਤੀਵੂ ’ਤੇ ਆਵਾਜ਼ ਉਠਾਉਂਦੇ ਹਨ, ਉਹ ਚੀਨ ਦਾ ਨਾਮ ਲੈਣ ਤੋਂ ਵੀ ਡਰਦੇ ਹਨ।
ਚੀਨ ਵਲੋਂ ਅਰੁਣਾਚਲ ਪ੍ਰਦੇਸ਼ ’ਚ ਵੱਖ-ਵੱਖ ਥਾਵਾਂ ਲਈ 30 ਨਵੇਂ ਨਾਂ ਜਾਰੀ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਅਰੁਣਾਚਲ ਪ੍ਰਦੇਸ਼ ਇਕ ਭਾਰਤੀ ਸੂਬਾ ਸੀ, ਹੈ ਅਤੇ ਭਵਿੱਖ ’ਚ ਵੀ ਰਹੇਗਾ ਅਤੇ ਨਾਮ ਬਦਲਣ ਨਾਲ ਕੁੱਝ ਵੀ ਪ੍ਰਾਪਤ ਨਹੀਂ ਹੋਵੇਗਾ।
ਤਿਵਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਚੀਨ ਨੇ ਅਰੁਣਾਚਲ ਪ੍ਰਦੇਸ਼ ’ਚ 30 ਥਾਵਾਂ ਦੇ ਨਾਂ ਬਦਲ ਦਿਤੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ‘ਜੇ ਮੈਂ ਤੁਹਾਡੇ ਘਰ ਦਾ ਨਾਮ ਬਦਲਦਾ ਹਾਂ, ਤਾਂ ਉਹ ਘਰ ਮੇਰਾ ਨਹੀਂ ਬਣ ਜਾਵੇਗਾ।’ ਜੇ ਤੁਸੀਂ ਕਿਸੇ ਦੇ ਘਰ ’ਤੇ ਅਪਣੀ ਨਾਮ ਪਲੇਟ ਲਗਾਉਂਦੇ ਹੋ, ਤਾਂ ਫ਼ੌਜਦਾਰੀ ਕੇਸ ਬਣਦਾ ਹੈ। ਅਜਿਹੀ ਕਮਜ਼ੋਰ ਅਤੇ ਲਚਕਦਾਰ ਪ੍ਰਤੀਕਿਰਿਆ ਭਾਰਤ ਸਰਕਾਰ ਅਤੇ ਇਸ ਦੇ ਵਿਦੇਸ਼ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ ਹੈ।’’ ਤਿਵਾੜੀ ਨੇ ਕਿਹਾ ਕਿ ਅੱਜ ਲਗਭਗ 4 ਸਾਲ ਹੋ ਗਏ ਹਨ ਜਦੋਂ ਚੀਨੀ ਫੌਜ ਨੇ ਭਾਰਤੀ ਸਰਹੱਦ ’ਚ ਘੁਸਪੈਠ ਕੀਤੀ ਪਰ ਮੋਦੀ ਸਰਕਾਰ ਵਲੋਂ ਕੋਈ ਜਵਾਬ ਨਹੀਂ ਆਇਆ।