2019 ਦੀਆਂ ਚੋਣਾਂ ਮਿਲ ਕੇ ਲੜੇਗਾ ਕਾਂਗਰਸ ਤੇ ਜੇਡੀਐਸ ਗਠਜੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਦਸਿਆ ਕਿ ਕਾਂਗਰਸ ਤੇ ਜੇਡੀਐਸ ਗਠਜੋੜ ਮੰਤਰੀ ਮੰਡਲ ਦਾ ਵਿਸਤਾਰ ਛੇ ਜੂਨ ਨੂੰ ਹੋਵੇਗਾ। ਨਾਲ ਹੀ ਉਨ੍ਹਾਂ...

Congress And JDS

ਬੰਗਲੌਰ,ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਦਸਿਆ ਕਿ ਕਾਂਗਰਸ ਤੇ ਜੇਡੀਐਸ ਗਠਜੋੜ ਮੰਤਰੀ ਮੰਡਲ ਦਾ ਵਿਸਤਾਰ ਛੇ ਜੂਨ ਨੂੰ ਹੋਵੇਗਾ। ਨਾਲ ਹੀ ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਵਿੱਤ ਵਿਭਾਗ ਜੇਡੀਐਸ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਵਿਭਾਗ ਕਾਂਗਰਸ ਕੋਲ ਹੋਵੇਗਾ। 

ਕਾਂਗਰਸ ਦੇ ਜਨਰਲ ਸਕੱਤਰ ਸੀ ਵੇਣੂਗੋਪਾਲ ਨੇ ਕੁਮਾਰਸਵਾਮੀ ਅਤੇ ਪਾਰਟੀ ਦੇ ਆਗੂ ਮਲਿਕਾਅਰਜੁਨ ਖੜਗੇ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਿਧਾਰਮਈਆ ਦੀ ਮੌਜੂਦਗੀ ਵਿਚ ਪੱਤਰਕਾਰ ਸੰਮੇਲਨ ਦੌਰਾਨ ਸਮਝੌਤੇ ਦਾ ਐਲਾਨ ਕੀਤਾ। ਜੇਡੀਐਸ ਦੇ ਪ੍ਰਧਾਨ ਐਚ ਡੀ ਦੇਵਗੌੜਾ ਨੇ ਅੱਜ ਸਵੇਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਇਸ ਮਸਲੇ 'ਤੇ ਗੱਲ ਵੀ ਕੀਤੀ ਸੀ।

ਕਾਂਗਰਸ ਕੋਲ ਸਿੰਜਾਈ, ਸ਼ਹਿਰੀ ਵਿਕਾਸ, ਉਦਯੋਗ, ਸਿਹਤ, ਮਾਲੀਆ, ਖੇਤੀ, ਮਕਾਨ ਉਸਾਰੀ ਆਦਿ ਵਿਭਾਗ ਵੀ ਹੋਣਗੇ। ਸਿਖਿਆ, ਖ਼ੁਫ਼ੀਆ, ਵਾਤਾਵਰਣ, ਸੂਚਨਾ ਤਕੀਨਕ ਜਿਹੇ ਅਹਿਮ ਮਹਿਕਮੇ ਜੇਡੀਐਸ ਕੋਲ ਹੋਣਗੇ।ਇਸ ਤੋਂ ਪਹਿਲਾਂ ਕੁਮਾਰਸਵਾਮੀ ਨੇ ਕਿਹਾ ਸੀ ਕਿ ਮੰਤਰੀ ਮੰਡਲ ਦਾ ਚਾਰ ਜਾਂ ਪੰਜ ਜੂਨ ਨੂੰ ਵਿਸਤਾਰ ਹੋ ਸਕਦਾ ਹੈ। ਕੁਮਾਰਸਵਾਮੀ ਨੇ ਨਵੇਂ ਮੰਤਰੀਆਂ ਦੇ ਸਹੁੰ-ਚੁੱਕ ਸਮਾਗਮ ਦੀਆਂ ਤਰੀਕਾਂ ਬਾਰੇ ਚਰਚਾ ਲਈ ਇਥੇ ਰਾਜਭਵਨ ਵਿਚ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨਾਲ ਉਪ ਮੁੱਖ ਮੰਤਰੀ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਜੀ ਪਰਮੇਸ਼ਵਰ ਵੀ ਸਨ। ਵਾਲਾ ਨਾਲ ਮੁਲਾਕਾਤ ਤੋਂ ਪਹਿਲਾਂ ਕੁਮਾਰਸਵਾਮੀ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਐਤਵਾਰ ਨੂੰ ਮੰਤਰੀ ਮੰਡਲ ਦਾ ਵਿਸਤਾਰ ਕਰਨ ਬਾਰੇ ਸੋਚਿਆ ਸੀ ਪਰ ਰਾਜਪਾਲ ਨੇ ਉਸ ਦਿਨ ਦਿੱਲੀ ਜਾਣਾ ਹੈ, ਇਸ ਲਈ ਕਿਸੇ ਹੋਰ ਦਿਨ ਬਾਰੇ ਸੋਚ ਰਹੇ ਹਾਂ।' (ਏਜੰਸੀ)