ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਪਿਛਲੇ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਤੋਂ ਬਾਅਦ ਘਰੇਲੂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕਟੌਤੀ ਕੀਤੀ ਜਾ ਸਕਦੀ ਹੈ।
ਤੇਲ ਮਾਰਕਟਿੰਗ ਕੰਪਨੀਆਂ ਨੇ ਐਤਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਦਿੱਲੀ ਵਿਚ 12 ਪੈਸੇ, ਕੋਲਕਾਤਾ ਵਿਚ ਤਿੰਨ ਪੈਸੇ, ਮੁੰਬਈ ਵਿਚ 12 ਪੈਸੇ ਅਤੇ ਚੇਨੱਈ ਵਿਚ 12 ਪੈਸੇ ਪ੍ਰਤੀ ਲੀਟਰ ਘਟਾ ਦਿੱਤੀਆਂ ਹਨ। ਡੀਜ਼ਲ ਦੀਆਂ ਕੀਮਤਾਂ ਵਿਚ ਦਿੱਲੀ ਵਿਚ 20 ਪੈਸੇ, ਕੋਲਕਾਤਾ ਵਿਚ 15 ਪੈਸੇ ਅਤੇ ਮੁੰਬਈ ਅਤੇ ਚੇਨੱਈ ਵਿਚ 21 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।
ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨੱਈ ਵਿਚ ਪੈਟਰੋਲ ਦੀਆਂ ਕੀਮਤਾਂ ਘਟ ਕੇ ਕ੍ਰਮਵਾਰ 71.50 ਰੁਪਏ, 73.73 ਰੁਪਏ, 77.16 ਰੁਪਏ ਅਤੇ 74.27 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵੀ ਚਾਰਾਂ ਮਹਾਂਨਗਰਾਂ ਵਿਚ ਘਟ ਕੇ ਕ੍ਰਮਵਾਰ 66.16 ਰੁਪਏ, 68.06 ਰੁਪਏ, 69.37 ਰੁਪਏ ਅਤੇ 69.98 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਦਸਿਆ ਜਾ ਰਿਹਾ ਹੈ ਕਿ ਵਧਦੇ ਗਲੋਬਲ ਵਪਾਰਕ ਤਣਾਅ ਦੀ ਵਜ੍ਹਾ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਪਿਛਲੇ ਮਹੀਨੇ ਵਿਚ ਭਾਰੀ ਗਿਰਾਵਟ ਆਈ ਹੈ। ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਦੇ ਵਾਇਦਾ ਦਾ ਸਿਲਸਿਲਾ 5 ਫ਼ੀ ਸਦੀ ਤੋਂ ਜ਼ਿਆਦਾ ਟੁੱਟਿਆ ਹੈ। ਪਿਛਲੇ ਮਹੀਨੇ ਮਈ ਵਿਚ ਬ੍ਰੈਂਟ ਕਰੂਡ ਦੀਆਂ ਕੀਮਤਾਂ ਵਿਚ 16 ਫ਼ੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਜਿਸ ਨਾਲ ਹੁਣ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੇ ਸਸਤੇ ਹੋਣ ਦੀ ਉਮੀਦ ਜਾਗੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਸਰਕਾਰ ਲਈ ਇਹ ਰਾਹਤ ਦੀ ਗਲ ਹੋਵੇਗੀ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਘਟੇਗੀ ਤਾਂ ਦੇਸ਼ ਦੇ ਆਯਾਤ ਬਿੱਲ ਦਾ ਬੋਝ ਘਟੇਗਾ। ਅਸਲ ਵਿਚ ਭਾਰਤ ਅਪਣੀਆਂ ਤੇਲ ਦੀਆਂ ਜ਼ਰੂਰਤਾਂ ਦਾ ਤਕਰੀਬਨ 84 ਪ੍ਰਤੀਸ਼ਤ ਆਯਾਤ ਕਰਦਾ ਹੈ। ਦਸਣਯੋਗ ਹੈ ਕਿ ਜ਼ਿਲ੍ਹੇ ਵਿਚ ਦੋ ਪਹੀਆ ਵਾਹਨ ਚਾਲਕਾਂ ਨੂੰ ਬਿਨਾਂ ਹੈਲਮੇਟ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਪੈਟਰੋਲ ਪੰਪਾਂ ’ਤੇ ਈਂਧਨ ਨਹੀਂ ਮਿਲੇਗਾ।
ਜ਼ਿਲ੍ਹਾ ਅਧਿਕਾਰੀ ਬੀਐਨ ਸਿੰਘ ਨੇ ਦਸਿਆ ਕਿ ਸੜਕ ਦੁਰਘਟਨਾਵਾਂ ਵਿਚ ਜਾਨੀ ਨੁਕਸਾਨ ਨੂੰ ਰੋਕਣ ਦੇ ਉਦੇਸ਼ ਨਾਲ ਇਕ ਜੂਨ ਤੋਂ ਦੋ ਪਹੀਆ ਚਲਾਉਣ ਵਾਲਿਆਂ ਲਈ ਹੈਲਮੇਟ ਨਹੀਂ ਤਾਂ ਈਂਧਨ ਨਹੀਂ ਫਾਰਮੂਲਾ ਲਾਗੂ ਕੀਤਾ ਗਿਆ ਹੈ। ਉਹਨਾਂ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸਾਰੇ ਪੈਟਰੋਲ ਪੰਪਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਇਕ ਜੂਨ ਤੋਂ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਸਾਰੇ ਪੈਟਰੋਲ ਪੰਪਾਂ ’ਤੇ ਬਿਨਾਂ ਹੈਲਮੇਟ ਪਾਏ ਤੇਲ ਪਵਾਉਣ ਆਉਣ ਵਾਲੇ ਦੋਪਹੀਆ ਵਾਹਨ ਚਾਲਕਾਂ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ।
ਉਹਨਾਂ ਨੇ ਦਸਿਆ ਕਿ ਇਸ ਸਬੰਧ ਵਿਚ ਸਾਰੇ ਪੈਟਰੋਲ ਪੰਪ ਦੇ ਕਰਮਚਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਜੇਕਰ ਕੋਈ ਵਾਹਨ ਚਾਲਕ ਕਿਸੇ ਪੈਟਰੋਲ ਪੰਪ ’ਤੇ ਬਿਨਾਂ ਹੈਲਮੇਟ ਦੇ ਪੈਟਰੋਲ ਲੈਣ ਦਾ ਯਤਨ ਕਰੇਗਾ ਤਾਂ ਕਿਸੇ ਪੈਟਰੋਲ ਪੰਪ ਕਰਮਚਾਰੀ ਨਾਲ ਧੱਕਾ ਕਰੇਗਾ ਤਾਂ ਅਜਿਹੀ ਸਥਿਤੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲ ਸਖ਼ਤ ਕਦਮ ਉਠਾਏ ਜਾਣਗੇ।