ਭੂਚਾਲ ਦੇ ਝਟਕਿਆਂ ਨਾਲ ਹਿੱਲੀ ਲੱਦਾਖ ਦੀ ਧਰਤੀ, ਕਾਰਗਿਲ ਤੋਂ 119 ਕਿਲੋਮੀਟਰ ਦੂਰ ਸੀ ਕੇਂਦਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ

Earthquake

ਲੱਦਾਖ : ਲਾਇਨ ਆਫ਼ ਕੰਟਰੋਲ 'ਤੇ ਚੀਨ ਨਾਲ ਚੱਲ ਰਹੇ ਵਿਵਾਦ ਕਾਰਨ ਲੱਦਾਖ ਖੇਤਰ ਇੰਨੀ ਦਿਨੀਂ ਸੁਰਖੀਆਂ 'ਚ ਹੈ। ਇਸ ਇਲਾਕੇ 'ਚ ਵੀਰਵਾਰ ਨੂੰ ਲੋਕਾਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਅਚਾਨਕ ਆਏ ਭੂਚਾਲ ਨਾਲ ਧਰਤੀ ਕੰਬਣ ਲੱਗ ਪਈ।

ਰਿਕਟਰ ਪੈਮਾਨੇ 'ਤੇ 4.5 ਤੀਬਰਤਾ ਵਾਲੇ ਇਸ ਭੂਚਾਲ ਨਾਲ ਭਾਵੇਂ ਕਿਸੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਝਟਕਿਆਂ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਇਹ ਝਟਕੇ ਦੁਪਹਿਰ 1 ਵੱਜ ਕੇ 11 ਮਿੰਟ 'ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਲੱਦਾਖ ਦੇ ਕਾਰਗਿਲ ਖੇਤਰ ਤੋਂ 119 ਕਿਲੋਮੀਟਰ ਉੱਤਰ-ਪੱਛਮ 'ਚ ਦਸਿਆ ਜਾ ਰਿਹਾ ਹੈ।

ਪਿਛਲੇ ਦਿਨਾਂ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਲਗਾਤਾਰ ਆ ਰਹੇ ਭੂਚਾਲ ਦੇ ਇਨ੍ਹਾਂ ਝਟਕਿਆਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਵਿਗਿਆਨੀ ਇਨ੍ਹਾਂ ਝਟਕਿਆਂ ਨੂੰ ਕਿਸੇ ਵੱਡੀ ਹਲਚਲ ਦਾ ਸੰਕੇਤ ਦੱਸ ਚੁੱਕੇ ਹਨ। ਇਸ ਸਬੰਧੀ ਅਦਾਲਤ ਵਲੋਂ ਵੀ ਸਰਕਾਰ ਤੋਂ ਭੂਚਾਲ ਆਉਣ ਦੀ ਸੂਰਤ 'ਚ ਚੁਕੇ ਜਾਣ ਵਾਲੇ ਕਦਮਾਂ ਬਾਬਤ ਸਵਾਲ ਪੁਛੇ ਗਏ ਸਨ।

ਇਸੇ ਦੌਰਾਨ ਅੱਜ ਜੰਮੂ ਕਸ਼ਮੀਰ ਦੇ ਕੱਟੜਾ ਇਲਾਕੇ ਅੰਦਰ ਵੀ ਭੂਚਾਲ ਦੀ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਹੈ। ਰਾਸ਼ਟਰੀ ਭੂਚਾਲ ਕੇਂਦਰ ਮੁਤਾਬਕ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕਟੜਾ ਤੋਂ 87 ਕਿਲੋਮੀਟਰ ਪੂਰਬ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਸ ਤੋਂ ਪਹਿਲਾਂ 24 ਜੂਨ ਨੂੰ ਮਿਜ਼ੋਰਮ ਦੇ 31 ਕਿਲੋਮੀਟਰ ਦੱਖਣ-ਦੱਖਣ-ਮੱਛਮ ਦੇ ਚੰਪਈ ਇਲਾਕੇ ਅੰਦਰ ਵੀ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਸੀ। ਇਸ ਭੂਚਾਲ ਨਾਲ ਵੀ ਕਿਸੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਇਸੇ ਤਰ੍ਹਾਂ ਦਿੱਲੀ ਐਨਆਰਸੀ ਸਮੇਤ ਨੇੜਲੇ ਇਲਾਕਿਆਂ ਅੰਦਰ ਵੀ ਬੀਤੇ ਦਿਨਾਂ ਦੌਰਾਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।