ਗੁਜਰਾਤ 'ਚ ਭੂਚਾਲ ਦੇ ਝਟਕਿਆਂ ਕਾਰਨ ਦਹਿਸ਼ਤ, 24 ਘੰਟਿਆਂ 'ਚ ਤਿੰਨ ਵਾਰ ਕੰਬੀ ਧਰਤੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਗਿਆਨੀਆਂ ਨੇ ਦਿਤੀ ਹੋਰ ਝਟਕੇ ਲੱਗਣ ਦੀ ਚਿਤਾਵਨੀ

Earthquake

ਅਹਿਮਦਾਬਾਦ : ਗੁਜਰਾਤ 'ਚ ਲੰਘੇ 24 ਘੰਟਿਆਂ ਦੌਰਾਨ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਦੇਸ਼ ਦੇ ਵੱਖ ਵੱਖ ਭਾਗਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਕਰੋਨਾ ਕਾਲ ਦੌਰਾਨ ਲੋਕ ਪਹਿਲਾਂ ਹੀ ਘਰਾਂ ਅੰਦਰ ਰਹਿਣ ਲਈ ਮਜ਼ਦੂਰ ਹਨ, ਹੁਣ ਧਰਤੀ ਹੇਠਲੀ ਹਲਚਲ ਕਾਰਨ ਉਨ੍ਹਾਂ ਨੂੰ ਘਰਾਂ ਅੰਦਰ ਰਹਿਣ ਤੋਂ ਵੀ ਡਰ ਲੱਗਣ ਲੱਗ ਪਿਆ ਹੈ।

ਖ਼ਬਰਾਂ ਅਨੁਸਾਰ ਗੁਜਰਾਤ ਦੇ ਕੱਛ 'ਚ ਸੋਮਵਾਰ ਸ਼ਾਮ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਬੀਤੇ 24 ਘੰਟਿਆਂ ਦੌਰਾਨ ਗੁਜਰਾਤ ਅੰਦਰ ਇਹ ਤੀਜਾ ਭੂਚਾਲ ਹੈ। ਇਸ ਤੋਂ ਪਹਿਲਾਂ ਐਤਵਾਰ ਰਾਤ ਸਵਾ ਅੱਠ ਵਜੇ ਤੋਂ ਸੋਮਵਾਰ ਦੁਪਹਿਰ ਤਕ ਭੂਚਾਲ ਦੇ ਲਗਭਗ 13 ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਸੋਮਵਾਰ ਦੁਪਹਿਰ 12:59 'ਤੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.6 ਮਾਪੀ ਗਈ ਹੈ।

ਇੰਡੀਅਨ ਸਿਸਮੌਲਾਜੀਕਲ ਰਿਸਰਚ ਇੰਸਟੀਚਿਊਟ ਮੁਤਾਬਕ ਐਤਵਾਰ ਰਾਤ ਤੋਂ ਸੋਮਵਾਰ ਦੁਪਹਿਰ ਤੱਕ ਲੱਗਣ ਵਾਲੇ ਝਟਕਿਆਂ ਦੀ ਗਿਣਤੀ 13 ਸੀ। ਭੂ-ਗਰਭ ਵਿਗਿਆਨੀਆਂ ਅਨੁਸਾਰ ਇਹ ਝਟਕੇ ਇਹ ਝਟਕੇ ਜ਼ਮੀਨ ਦੇ ਗਰਭ ਅੰਦਰ ਹੋ ਰਹੀ ਹਲਚਲ ਕਾਰਨ ਲੱਗ ਰਹੇ ਹਨ। ਭੂਚਾਲ ਲਈ ਜ਼ਿੰਮੇਵਾਰ ਪਲੇਟਾਂ ਇਕ ਵਾਰ ਫਿਰ ਹਲਚਲ ਕਰ ਰਹੀਆਂ ਹਨ।

ਵਿਗਿਆਨੀ ਨੇ ਆਉਂਦੇ ਸਮੇਂ 'ਚ ਹੋਰ ਝਟਕੇ ਲੱਗਣ ਦੀ ਚਿਤਾਵਨੀ ਦਿਤੀ ਹੈ। ਸੋਮਵਾਰ ਦੁਪਹਿਰ ਵੇਲੇ ਆਏ ਭੂਚਾਲ ਦਾ ਕੇਂਦਰ ਭਚਾਊ ਤੋਂ 15 ਕਿਲੋਮੀਟਰ ਦੂਰ ਸੀ। ਦੱਸਣਯੋਗ ਹੈ ਕਿ ਸਾਲ 2001 ਦੌਰਾਨ ਗੁਜਰਾਤ ਵਿਚ ਆਏ ਭਿਆਨਕ ਭੂਚਾਲ ਦਾ ਕੇਂਦਰ ਵੀ ਭਚਾਊ ਹੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।