ਭਾਰਤ 'ਚ ਘਟੇ ਬਿਜਲੀ ਦੇ ਰੇਟ, ਸੋਲਰ ਉਪਕਰਣ ਸਸਤੇ ਹੋਣ ਬਾਅਦ ਘਟੀ ਲਾਗਤ ਦਾ ਅਸਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਘੱਟੋ ਘੱਟ ਟੈਰਿਫ 2.44 ਰੁਪਏ ਪ੍ਰਤੀ ਯੂਨਿਟ ਦੀ ਥਾਂ 2.36 ਰੁਪਏ ਪ੍ਰਤੀ ਯੂਨਿਟ ਵੇਚਣ ਦੀ ਪੇਸ਼ਕਸ਼

Electricity

ਨਵੀਂ ਦਿੱਲੀ : ਕਰੋਨਾ ਮਹਾਮਾਰੀ ਤੋਂ ਬਾਅਦ ਲੱਗੇ ਲੌਕਡਾਊਨ ਕਾਰਨ ਜ਼ਿੰਦਗੀ ਇਕ ਵਾਰ ਥੰਮ ਜਿਹੀ ਗਈ ਸੀ, ਜੋ ਕੁੱਝ ਰਿਆਇਤਾਂ ਮਿਲਣ ਬਾਅਦ ਮੁੜ ਪਟੜੀ 'ਤੇ ਆਉਣੀ ਸ਼ੁਰੂ ਹੋ ਗਈ ਹੈ। ਇਸ ਦੇ ਬਾਵਜੂਦ ਇਸ ਖੜੌਤ ਦਾ ਅਸਰ ਕਾਫ਼ੀ ਸਮਾਂ ਰਹਿਣ ਦੇ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਸਨ, ਜੋ ਕੁੱਝ ਖੇਤਰਾਂ 'ਚ ਸੱਚੇ ਸਾਬਤ ਹੋਣੇ ਸ਼ੁਰੂ ਹੋ ਗਏ ਹਨ।

ਇਸ ਦਾ ਸਭ ਤੋਂ ਜ਼ਿਆਦਾ ਅਸਰ ਬਿਜਲੀ ਦੀਆਂ ਦਰਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ। ਖ਼ਬਰਾਂ ਮੁਤਾਬਕ ਭਾਰਤ 'ਚ ਸੋਲਰ ਬਿਜਲੀ ਦੀ ਦਰ ਘੱਟੋ-ਘੱਟ ਪੱਧਰ 'ਤੇ ਪਹੁੰਚ ਗਈ ਹੈ। ਇਹ ਅਜਿਹੇ ਸਮੇਂ ਹੋਇਆ ਹੈ, ਜਦੋਂ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਖ਼ਪਤ ਅਪਣੀ ਚਰਮ ਸੀਮਾਂ 'ਤੇ ਪਹੁੰਚ ਜਾਂਦੀ ਹੈ। ਪਰ ਇਸ ਵਾਰ ਜ਼ਿਆਦਾਤਰ ਉਦਯੋਗ ਅਤੇ ਹੋਰ ਅਦਾਰੇ ਬੰਦ ਰਹਿਣ ਕਾਰਨ ਬਿਜਲੀ ਦੀ ਮੰਗ 'ਚ ਬਹੁਤਾ ਇਜਾਫ਼ਾ ਨਹੀਂ ਹੋਇਆ, ਜਿਸ ਦਾ ਅਸਰ ਬਿਜਲੀ ਦੀ ਮੰਗ 'ਚ ਕਮੀ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।

ਇਸੇ ਦੌਰਾਨ ਹਾਲ ਹੀ 'ਚ ਸੋਲਰ ਐਨਰਜੀ ਪੈਦਾ ਕਰਨ ਵਾਲੀਆਂ ਛੇ ਕੰਪਨੀਆਂ ਨੇ ਅਪਣੀ ਬੋਲੀ 'ਚ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ 'ਚ ਪੰਜ ਵਿਦੇਸ਼ੀ ਕੰਪਨੀਆਂ ਹਨ ਜੋ ਮਿਲ ਕੇ 2000 ਮੈਗਾਵਾਟ ਬਿਜਲੀ ਪੈਦਾ ਕਰਨਗੀਆਂ। ਇਸ ਬੋਲੀ 'ਚ ਸਫ਼ਲ ਹੋਣ ਵਾਲੀ ਭਾਰਤ ਦੀ ਇਕਲੌਤੀ ਕੰਪਨੀ ਰੀ-ਨੀਊ ਪਾਵਰ ਹੈ।

ਹੁਣ ਤਕ ਸੋਲਰ ਐਨਰਜੀ ਦੀ ਘੱਟੋ ਘੱਟ ਟੈਰਿਫ 2.44 ਰੁਪਏ ਪ੍ਰਤੀ ਯੂਨਿਟ ਸੀ। ਤਾਜ਼ਾ ਬੋਲੀ ਮੁਤਾਬਕ ਸਪੇਨ ਦੀ ਕੰਪਨੀ ਸੋਲਰਪੈਕ ਨੇ 300 ਮੈਗਾਵਾਟ ਬਿਜਲੀ ਬਣਾਉਣ ਦਾ ਠੇਕਾ ਹਾਸਲ ਕੀਤਾ ਹੈ। ਕੰਪਨੀ ਨੇ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਬਣਾਉਣ ਦੀ ਬੋਲੀ ਲਾਈ ਹੈ। ਇਟਲੀ ਦੀ ਕੰਪਨੀ ਏਨਲ ਗ੍ਰੀਨ 300 ਮੈਗਾਵਾਟ ਸੋਲਰ ਐਨਰਜੀ 2.37 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਦਾ ਕਰੇਗੀ। ਭਾਰਤੀ ਕੰਪਨੀ ਰੀਨੀਊ ਪਾਵਰ 400 ਮੈਗਾਵਾਟ ਬਿਜਲੀ 2.38 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਣਾਏਗੀ।

ਬਿਜਲੀ ਦਰਾਂ 'ਚ ਇਸ ਮੰਦੀ ਪਿੱਛੇ ਕਾਰਨ ਕਰੋਨਾ ਵਾਇਰਸ ਤੋਂ ਬਾਅਦ ਲੱਗੇ ਲੌਕਡਾਊਨ ਨੂੰ ਮੰਨਿਆ ਜਾ ਰਿਹਾ ਹੈ। ਦਰਅਸਲ ਡੌਕਡਾਊਨ ਕਾਰਨ ਪੈਦਾ ਹੋਈ ਮੰਦੀ ਦਾ ਅਸਰ ਸੋਲਰ ਉਪਕਰਨਾਂ ਦੇ ਬਾਜ਼ਾਰ 'ਤੇ ਵੀ ਪਿਆ ਹੈ।  ਇਸ ਮੰਦੀ ਕਾਰਨ  ਸੋਲਰ ਉਪਕਰਨ ਕਾਫੀ ਸਸਤੇ ਹੋ ਗਏ ਹਨ, ਜਿਸ ਦਾ ਸਿੱਧਾ ਅਸਰ ਸੋਲਰ ਐਨਰਜੀ ਦੀ ਲਾਗਤ 'ਤੇ ਵੀ ਪਿਆ ਹੈ। ਲਾਗਤ ਘਟਣ ਨਾਲ ਕੀਮਤਾਂ 'ਚ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਭਾਰਤੀ ਡਿਵੈਲਪਰ ਬਿਜਲੀ ਦੀ ਮੰਗ 'ਚ ਕਮੀ ਤੋਂ ਵੀ ਫ਼ਿਕਰਮੰਦ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।